ਐੱਸ.ਏ.ਐੱਸ. ਨਗਰ, 1 ਦਸੰਬਰ, 2023: ਜ਼ਿਲ੍ਹੇ ਵਿੱਚ ਮਾਲ ਦਫ਼ਤਰਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ/ਨਵ-ਉਸਾਰੀ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਨੂੰ ਜਲਦੀ ਸ਼ੁਰੂ ਕਰਨ ਸੰਬੰਧੀ ਰਸਮੀ ਕਰਵਾਈਆਂ ਵਿੱਚ ਤੇਜ਼ੀ ਲਿਆਂਦੀ ਜਾਵੇ।
ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਨਾਲ ਸਬੰਧਤ ਬੁਨਿਆਦੀ ਪ੍ਰਾਜੈਕਟਾਂ ਦੀ ਸੂਚੀ ਦਿੰਦਿਆਂ ਦੱਸਿਆ ਕਿ ਬਨੂੜ, ਮਾਜਰੀ ਅਤੇ ਜ਼ੀਰਕਪੁਰ ਦੀਆਂ ਸਬ-ਤਹਿਸੀਲਾਂ (Sub Tehsil) ਦੀਆਂ ਨਵੀਆਂ ਇਮਾਰਤਾਂ ਤੋਂ ਇਲਾਵਾ ਐਸ.ਡੀ.ਐਮ ਦਫ਼ਤਰ ਡੇਰਾਬਸੀ ਦੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ।
ਉਨ੍ਹਾਂ ਕਿਹਾ ਕਿ ਬਨੂੜ ਲਈ 3 ਕਰੋੜ ਰੁਪਏ ਤੋਂ ਇਲਾਵਾ ਮਾਜਰੀ ਅਤੇ ਜ਼ੀਰਕਪੁਰ ਲਈ 50-50 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ। ਮਾਲ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਕਰਨ ਲਈ ਮਾਲ ਵਿਭਾਗ ਦੇ ਨਾਂ ਜ਼ਮੀਨ ਦੇ ਤਬਾਦਲੇ ਦੀਆਂ ਰਸਮਾਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਐਸ.ਡੀ.ਐਮ ਦਫ਼ਤਰ ਡੇਰਾਬੱਸੀ ਦੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਲਈ 90.17 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਕਾਰਜਕਾਰੀ ਇੰਜੀਨੀਅਰ ਸੂਬਾਈ ਡਵੀਜ਼ਨ ਪਟਿਆਲਾ ਮਨਪ੍ਰੀਤ ਸਿੰਘ ਦੂਆ ਨੇ ਡੀ ਸੀ ਨੂੰ ਟੈਂਡਰ ਜਾਰੀ ਕਰਨ ਤੋਂ ਪਹਿਲਾਂ ਡੀ ਐਨ ਆਈ ਟੀ ਦੀ ਤਿਆਰੀ ਬਾਰੇ ਜਾਣੂ ਕਰਵਾਇਆ।
ਡਿਪਟੀ ਕਮਿਸ਼ਨਰ ਨੇ ਮੋਹਾਲੀ ਵਿਖੇ ਵਰਕ ਸਟੇਸ਼ਨ ਦੀ ਉਸਾਰੀ, ਜ਼ਿਲ੍ਹਾ ਰਿਕਾਰਡ ਰੂਮ ਵਿਖੇ ਕੰਪੈਕਟਰ ਲਗਾਉਣ ਅਤੇ ਵਰਕ ਸਟੇਸ਼ਨਾਂ (Sub Tehsil) ‘ਤੇ ਬੁਨਿਆਦੀ ਸਹੂਲਤਾਂ ਦੇਣ ਦੇ ਪ੍ਰਸਤਾਵਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਏ.ਡੀ.ਸੀ.(ਜ) ਵਿਰਾਜ ਸ਼ਿਆਮਕਰਨ ਤਿੜਕੇ ਅਤੇ ਏ.ਡੀ.ਸੀ.(ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੂੰ ਬਿਨਾਂ ਕਿਸੇ ਦੇਰੀ ਦੇ ਕੰਮ ਸ਼ੁਰੂ ਕਰਨ ਲਈ ਲੜੀਵਾਰ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਵੱਲੋਂ ਖਰੜ ਤੋਂ ਐਸ.ਡੀ.ਐਮਜ਼ ਗੁਰਬੀਰ ਸਿੰਘ ਕੋਹਲੀ, ਮੋਹਾਲੀ ਤੋਂ ਚੰਦਰਜੋਤੀ ਸਿੰਘ, ਡੇਰਾਬੱਸੀ ਤੋਂ ਹਿਮਾਂਸ਼ੂ ਗੁਪਤਾ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨੂੰ ਵੀ ਕੰਮ ਸ਼ੁਰੂ ਕਰਨ ਲਈ ਬਾਕੀ ਦੀਆਂ ਰਸਮਾਂ ਜਲਦ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੀ ਪ੍ਰਾਂਤਕ ਡਵੀਜ਼ਨ ਤੋਂ ਕਾਰਜਕਾਰੀ ਇੰਜਨੀਅਰ ਐੱਸ ਐੱਸ ਭੁੱਲਰ, ਲੋਕ ਨਿਰਮਾਣ ਵਿਭਾਗ ਉਸਾਰੀ ਮੰਡਲ-1 ਮੋਹਾਲੀ ਤੋਂ ਸ਼ਿਵਪ੍ਰੀਤ ਸਿੰਘ ਅਤੇ ਪ੍ਰਾਂਤਕ ਡਵੀਜ਼ਨ ਪਟਿਆਲਾ ਤੋਂ ਮਨਪ੍ਰੀਤ ਸਿੰਘ ਦੂਆ ਵੀ ਹਾਜ਼ਰ ਸਨ।