ਚੰਡੀਗੜ੍ਹ, 25 ਮਾਰਚ 2026 (ਲਖਵਿੰਦਰ ਸਿੰਘ ਗਿੱਲ): ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ 27 ਅਤੇ 28 ਮਾਰਚ ਨੂੰ ਹੋਣ ਵਾਲੇ ਏਅਰ ਸ਼ੋਅ ਦੇ ਸੰਬੰਧ ‘ਚ ਚੰਡੀਗੜ੍ਹ ਪ੍ਰਸ਼ਾਸਨ ਨੇ ਟ੍ਰੈਫਿਕ ਡਾਇਵਰਸ਼ਨ ਸੰਬੰਧੀ ਇੱਕ ਫੈਸਲਾ ਲਿਆ ਹੈ | ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਆਲੇ-ਦੁਆਲੇ ਵੱਡੀ ਭੀੜ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਨਿੱਜੀ ਵਾਹਨਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਸਿਰਫ਼ ਐਮਰਜੈਂਸੀ ਸੇਵਾਵਾਂ ਅਤੇ ਅਧਿਕਾਰਤ ਵਾਹਨਾਂ ਦੀ ਹੀ ਇਜਾਜ਼ਤ ਹੋਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਦੇ ਮੁਤਾਬਕ ਇਸ ਏਅਰ ਸ਼ੋਅ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਹੈ। ਚੰਡੀਗੜ੍ਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਜੋ ਕਿਸੇ ਵਿਅਕਤੀ ਨੂੰ ਕੋਈ ਅਸੁਵਿਧਾ ਨਾ ਹੋਵੇ।
ਇਸ ਦੌਰਾਨ ਦਰਸ਼ਕਾਂ ਦੀ ਸਹੂਲਤ ਲਈ ਸ਼ਹਿਰ ਚੰਡੀਗੜ੍ਹ ‘ਚ ਸੱਤ ਨਿਰਧਾਰਤ ਪਿਕਅੱਪ ਅਤੇ ਡ੍ਰੌਪ-ਆਫ ਪੁਆਇੰਟ ਸਥਾਪਤ ਕੀਤੇ ਹਨ, ਜਿੱਥੋਂ ਸੀਟੀਯੂ ਬੱਸਾਂ ਲੋਕਾਂ ਨੂੰ ਸੁਖਨਾ ਝੀਲ ਤੱਕ ਲੈਕੇ ਜਾਣਗੀਆਂ। ਇਸਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਨਾਲ ਨਾ ਲਿਆਉਣ। ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਵੀ ਭੀੜ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਏਅਰ ਸ਼ੋਅ ਮੱਦੇਨਜਰ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ, ਨਗਰ ਨਿਗਮ, ਫਾਇਰ ਸਰਵਿਸਿਜ਼ ਅਤੇ ਹੋਰ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ। ਸਾਰੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕਾਂ ਨੇ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਮੌਕੇ ਸਿਰਫ ਸੀਮਤ ਗਿਣਤੀ ‘ਚ ਲੋਕਾਂ ਨੂੰ ਹੀ ਸੁਖਨਾ ਝੀਲ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਏਅਰ ਸ਼ੋਅ ਸੰਬੰਧੀ ਟਿਕਟਾਂ ਚੰਡੀਗੜ੍ਹ ਟੂਰਿਜ਼ਮ ਐੱਪ ਜਾਂ ਅਧਿਕਾਰਤ ਵੈਬਸਾਈਟ ਤੋਂ ਬੁੱਕ ਕਰ ਸਕਦੇ ਹੋ |
Read More: ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਪੂਰੇ ਜੋਸ਼ ਤੇ ਜਜ਼ਬੇ ਨਾਲ ਸ਼ਹੀਦੀ ਦਿਵਸ ਮਨਾਇਆ




