ਐਸ.ਏ.ਐਸ.ਨਗਰ, 13 ਜੂਨ 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ (Mohali) ਨੇ 40 ਫੀਸਦੀ ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ ਤਰਜੀਹੀ ਖੇਤਰ ਦੇ ਟੀਚਿਆਂ ਵਿੱਚ 40.01 ਦੀ ਪ੍ਰਾਪਤੀ ਕੀਤੀ ਹੈ ਜਦਕਿ ਕੁੱਲ ਤਰਜੀਹੀ ਖੇਤਰ ਦੇ ਆਪਣੇ ਟੀਚੇ ਨੂੰ 102 ਫੀਸਦੀ ਤੱਕ ਪੂਰਾ ਕੀਤਾ ਹੈ। ਇਸੇ ਤਰ੍ਹਾਂ ਕ੍ਰੈਡਿਟ ਡਿਪਾਜ਼ਿਟ ਅਨੁਪਾਤ (ਸੀ ਆਰ ਰੇਸ਼ੋ) 60 ਫੀਸਦੀ ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ 61.93 ’ਤੇ ਅਨੁਮਾਨੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਲੀਡ ਬੈਂਕ ਦਫ਼ਤਰ ਪੰਜਾਬ ਨੈਸ਼ਨਲ ਬੈਂਕ ਵੱਲੋਂ ਬੁਲਾਈ ਗਈ ਵੱਖ-ਵੱਖ ਬੈਂਕਾਂ ਅਤੇ ਲਾਈਨ ਵਿਭਾਗਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪਰੋਕਤ ਤੱਥਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਬੈਂਕਾਂ ਤੋਂ ਜ਼ਿਲ੍ਹਾ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਲੋੜਵੰਦ ਅਤੇ ਗਰੀਬ ਵਰਗ ਦੇ ਵਿਕਾਸ ਲਈ ਮਿਸ਼ਨ ਮੋਡ ਪਹੁੰਚ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਾਰੇ ਬੈਂਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਰਕਾਰ ਦੁਆਰਾ ਸਪਾਂਸਰਡ ਸਕੀਮਾਂ, ਖਾਸ ਕਰਕੇ ਸਵੈ-ਸਹਾਇਤਾ ਸਮੂਹ ਦੇ ਤਹਿਤ ਪ੍ਰਾਪਤ ਹੋਈਆਂ ਸਾਰੀਆਂ ਅਰਜ਼ੀਆਂ ਨੂੰ ਪ੍ਰਮੁੱਖ ਤਰਜੀਹੀ ਆਧਾਰ ’ਤੇ ਨਿਪਟਾਉਣਾ ਯਕੀਨੀ ਬਣਾਉਣ।
‘ਗਰੀਨ ਇਲੈਕਸ਼ਨਜ਼’ ਵੱਚ ਸਾਰੇ ਬੈਂਕਾਂ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਬੈਂਕਾਂ ਨੂੰ ਵੱਖ-ਵੱਖ ਮਾਪਦੰਡਾਂ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਸਾਲਾਨਾ ਕ੍ਰੈਡਿਟ ਯੋਜਨਾ 2023-24 ਦੇ ਤਹਿਤ ਮਾਰਚ 2024 ਨੂੰ ਖਤਮ ਹੋਈ ਤਿਮਾਹੀ ਲਈ ਸਾਰੇ ਬੈਂਕਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਬੈਂਕਾਂ ਨੂੰ ਸਰਕਾਰ ਦੁਆਰਾ ਸਪਾਂਸਰਡ ਸਕੀਮਾਂ ਦੇ ਅਧੀਨ ਲੰਬਿਤ ਅਰਜ਼ੀਆਂ ਪ੍ਰਤੀ ਕਿਰਿਆਸ਼ੀਲ ਅਤੇ ਹਮਦਰਦੀ ਵਾਲੀ ਪਹੁੰਚ ਰੱਖਣ ਲਈ ਕਿਹਾ।
ਮੁੱਖ ਲੀਡ ਜ਼ਿਲ੍ਹਾ (Mohali) ਮੈਨੇਜਰ, ਐਮ.ਕੇ. ਭਾਰਦਵਾਜ ਨੇ ਏ.ਡੀ.ਸੀ. ਨੂੰ ਪਿਛਲੇ ਵਿੱਤੀ ਸਾਲ ਦੀ ਪ੍ਰਗਤੀ ਤੋਂ ਜਾਣੂ ਕਰਵਾਉਂਦਿਆਂ ਬੈਂਕਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਮੁਹਿੰਮਾਂ ਤਹਿਤ ਵੱਧ ਤੋਂ ਵੱਧ ਬਿਨੈਕਾਰਾਂ ਨੂੰ ਜੋੜਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਨਿੱਜੀ ਖੇਤਰ ਦੇ ਬੈਂਕਾਂ ਨੂੰ ਵੀ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ’ਤੇ ਵਿਸ਼ੇਸ਼ ਧਿਆਨ ਦੇਣ। ਪੀ ਐਮ ਸਵਾ ਨਿਧੀ ਦੇ ਬਕਾਇਆ ਬਾਰੇ ਚਰਚਾ ਕਰਦੇ ਹੋਏ, ਬੈਂਕਾਂ ਨੂੰ ਪੀ ਐਮ ਸਵਾ ਨਿਧੀ ਨਿਧੀ ਦੇ ਅਧੀਨ ਸਾਰੀਆਂ ਅਰਜ਼ੀਆਂ ਨੂੰ ਨਿਯਮਤ ਤੌਰ ’ਤੇ ਨਿਪਟਾਉਣ ਲਈ ਕਿਹਾ ਗਿਆ।
ਸ਼੍ਰੀਮਤੀ ਪਰਵਿੰਦਰ ਨਾਗਰਾ, ਏ.ਜੀ.ਐਮ. ਨਾਬਾਰਡ ਨੇ ਸਵੈ-ਰੁਜ਼ਗਾਰ ਰਾਹੀਂ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਨਾਬਾਰਡ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਰਕਾਰੀ ਸਪਾਂਸਰ ਸਕੀਮਾਂ ਅਧੀਨ ਉਪਲਬਧ ਵੱਖ-ਵੱਖ ਸਬਸਿਡੀਆਂ ਬਾਰੇ ਜਾਣੂ ਕਰਵਾਇਆ।
ਗਰਿਮਾ ਬੱਸੀ, ਐਲ ਡੀ ਓ, ਭਾਰਤੀ ਰਿਜ਼ਰਵ ਬੈਂਕ, ਨੇ ਕਿਹਾ ਕਿ ਸਾਰੇ ਬੈਂਕਾਂ ਨੂੰ ਸਾਰੇ ਬਕਾਇਆ ਰਹਿੰਦੇ ਖਾਤਿਆਂ ਦਾ ਡਿਜੀਟਲਾਈਜ਼ੇਸ਼ਨ ਕਰਨ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਜ਼ਿਲ੍ਹਾ ਇਸ ਤਿਮਾਹੀ ਵਿੱਚ 100 ਫ਼ੀਸਦੀ ਡਿਜੀਟਲਾਈਜ਼ੇਸ਼ਨ ਪ੍ਰਾਪਤ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਬੈਂਕ ਸ਼ਾਖਾਵਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਸਨੇ ਪਿੰਡਾਂ ਵਿੱਚ ਵਿੱਤੀ ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਿਵਾਇਆ ਕਿ ਬੈਂਕ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ ਤਾਂ ਜੋ ਆਉਣ ਵਾਲੀ ਤਿਮਾਹੀ ਵਿੱਚ ਜ਼ਿਲ੍ਹੇ ਦੇ ਸਾਰੇ ਤਰਜੀਹੀ ਖੇਤਰ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ.ਐਸ.ਈ.ਟੀ.ਆਈ. ਦੇ ਡਾਇਰੈਕਟਰ, ਅਮਨਦੀਪ ਸਿੰਘ, ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਮੀਟਿੰਗ ਵਿੱਚ ਸਮੂਹ ਸਰਕਾਰੀ ਲਾਈਨ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।