July 7, 2024 1:05 pm
Bangladesh

ਬੰਗਲਾਦੇਸ਼ ਦੀ ਟੈਸਟ ਕ੍ਰਿਕਟ ਇਤਿਹਾਸ ‘ਚ ਸਭ ਤੋਂ ਵੱਡੀ ਜਿੱਤ, ਅਫਗਾਨਿਸਤਾਨ ਨੂੰ 546 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 17 ਜੂਨ 2023: ਬੰਗਲਾਦੇਸ਼ (Bangladesh) ਨੇ ਇਕਲੌਤੇ ਟੈਸਟ ਮੈਚ ‘ਚ ਅਫਗਾਨਿਸਤਾਨ ਨੂੰ 546 ਦੌੜਾਂ ਨਾਲ ਹਰਾ ਦਿੱਤਾ, ਜੋ ਕਿ ਬੰਗਲਾਦੇਸ਼ ਦੀ ਸਭ ਤੋਂ ਵੱਡੀ ਟੈਸਟ ਜਿੱਤ ਹੈ, ਜਦਕਿ ਅੰਤਰਰਾਸ਼ਟਰੀ ਟੈਸਟ ਇਤਿਹਾਸ ਵਿੱਚ ਦੌੜਾਂ ਦੇ ਮਾਮਲੇ ਵਿੱਚ ਇਹ ਕਿਸੇ ਵੀ ਟੀਮ ਦੀ ਤੀਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 1928 ‘ਚ ਆਸਟ੍ਰੇਲੀਆ ਨੂੰ 675 ਦੌੜਾਂ ਨਾਲ ਹਰਾਇਆ ਸੀ ਜਦਕਿ 1934 ‘ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 562 ਦੌੜਾਂ ਨਾਲ ਹਰਾਇਆ ਸੀ।

ਬੰਗਲਾਦੇਸ਼ ਖਿਲਾਫ ਦੂਜੀ ਪਾਰੀ ‘ਚ 662 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 115 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਨੇ ਚੌਥੇ ਦਿਨ ਆਖਰੀ 5 ਵਿਕਟਾਂ 35 ਦੌੜਾਂ ਦੇ ਅੰਦਰ ਗੁਆ ਦਿੱਤੀਆਂ। ਬੰਗਲਾਦੇਸ਼ ਲਈ ਨਜਮੁਲ ਹੁਸੈਨ ਸ਼ਾਂਤੋ ਨੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਜੜੇ। ਇਸ ਤੋਂ ਇਲਾਵਾ ਬੰਗਲਾਦੇਸ਼ ਵੱਲੋਂ ਸ਼ਰੀਫੁਲ ਇਸਲਾਮ ਅਤੇ ਅਬੋਦਤ ਹੁਸੈਨ ਨੇ ਦੋਵੇਂ ਪਾਰੀਆਂ ‘ਚ 5-5 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 382 ਦੌੜਾਂ ਅਤੇ ਦੂਜੀ ਪਾਰੀ ‘ਚ 4 ਵਿਕਟਾਂ ‘ਤੇ 425 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਦੇ ਨਾਲ ਹੀ ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 146 ਦੌੜਾਂ ਅਤੇ ਦੂਜੀ ਪਾਰੀ ‘ਚ 115 ਦੌੜਾਂ ਬਣਾਈਆਂ।