ਚੰਡੀਗੜ੍ਹ, 23 ਦਸੰਬਰ 2024: ਬੰਗਲਾਦੇਸ਼ (Bangladesh) ਦੀ ਅੰਤਰਿਮ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਨੂੰ ਢਾਕਾ ਵਾਪਸ ਭੇਜਣ ਲਈ ਭਾਰਤ ਨੂੰ ਕੂਟਨੀਤਕ ਨੋਟ ਭੇਜਿਆ ਹੈ। ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਸੋਮਵਾਰ ਨੂੰ ਆਪਣੇ ਦਫਤਰ ‘ਚ ਇਹ ਜਾਣਕਾਰੀ ਦਿੱਤੀ ਹੈ।
ਹੁਸੈਨ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਇੱਕ ਵਰਬਲ ਨੋਟ (ਕੂਟਨੀਤਕ ਸੰਦੇਸ਼) ਭੇਜਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਸ਼ੇਖ ਹਸੀਨਾ ਨੂੰ ਨਿਆਂਇਕ ਪ੍ਰਕਿਰਿਆ ਲਈ ਵਾਪਸ ਚਾਹੁੰਦਾ ਹੈ। ਇਸ ਤੋਂ ਪਹਿਲਾਂ ਗ੍ਰਹਿ ਸਲਾਹਕਾਰ ਜਹਾਂਗੀਰ ਆਲਮ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੇ ਭਾਰਤ ਤੋਂ ਬੇਦਖਲ ਪ੍ਰਧਾਨ ਮੰਤਰੀ ਦੀ ਹਵਾਲਗੀ ਦੀ ਸਹੂਲਤ ਲਈ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਹੈ ਅਤੇ ਪ੍ਰਕਿਰਿਆ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਢਾਕਾ ਅਤੇ ਨਵੀਂ ਦਿੱਲੀ ਦਰਮਿਆਨ ਹਵਾਲਗੀ ਸੰਧੀ ਪਹਿਲਾਂ ਹੀ ਮੌਜੂਦ ਹੈ ਅਤੇ ਇਸ ਸੰਧੀ ਤਹਿਤ ਹਸੀਨਾ ਨੂੰ ਬੰਗਲਾਦੇਸ਼ ਵਾਪਸ ਲਿਆਂਦਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਨੂੰ ਵਿਦਿਆਰਥੀ ਅੰਦੋਲਨ ‘ਚ ਹੋਈਆਂ ਮੌਤਾਂ ‘ਤੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਬੰਗਲਾਦੇਸ਼ ਲਿਆਂਦਾ ਜਾਵੇਗਾ। ਇਸ ਦੇ ਲਈ ਅੰਤਰਿਮ ਸਰਕਾਰ ਇੰਟਰਪੋਲ ਦੀ ਮੱਦਦ ਲਵੇਗੀ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਆਸਿਫ ਨਜ਼ਰੁਲ ਨੇ ਕਿਹਾ ਸੀ ਕਿ ਇੰਟਰਪੋਲ ਰਾਹੀਂ ਛੇਤੀ ਹੀ ਰੈੱਡ ਨੋਟਿਸ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦੁਨੀਆਂ ‘ਚ ਭਾਵੇਂ ਕਿਤੇ ਵੀ ਲੁਕੇ ਹੋਣ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਅਦਾਲਤ ‘ਚ ਜਵਾਬਦੇਹ ਬਣਾਇਆ ਜਾਵੇਗਾ। ਟ੍ਰਿਬਿਊਨਲ ਨੇ 17 ਅਕਤੂਬਰ ਨੂੰ ਹਸੀਨਾ ਅਤੇ 45 ਹੋਰਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਇਸ ‘ਚ ਉਨ੍ਹਾਂ ਦੇ ਪੁੱਤਰ ਸਜੀਬ ਵਾਜੇਦ ਜੋਏ ਅਤੇ ਉਨ੍ਹਾਂ ਦੇ ਕਈ ਸਾਬਕਾ ਕੈਬਨਿਟ ਮੈਂਬਰ ਸ਼ਾਮਲ ਹਨ।
ਜਿਕਰਯੋਗ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 5 ਅਗਸਤ ਨੂੰ ਆਪਣੀ ਸਰਕਾਰ ਦੇ ਖ਼ਿਲਾਫ ਵਿਦਿਆਰਥੀਆਂ ਦੀ ਅਗਵਾਈ ਵਾਲੇ ਵੱਡੇ ਵਿਦਰੋਹ ਦੇ ਵਿਚਕਾਰ ਭਾਰਤ ਆਈ ਸੀ। ਇਸ ਦੌਰਾਨ ਹੋਏ ਪ੍ਰਦਰਸ਼ਨਾਂ ‘ਚ ਕਈ ਵਿਅਕਤੀ ਜ਼ਖਮੀ ਹੋ ਗਏ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 753 ਜਣੇ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਹੋਏ ਹਨ।