July 3, 2024 11:48 am
Sheikh Hasina

Bangladesh: ਪੰਜਵੀਂ ਵਾਰ ਲਗਤਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸ਼ੇਖ ਹਸੀਨਾ

ਚੰਡੀਗੜ੍ਹ, 8 ਜਨਵਰੀ 2024: ਬੰਗਲਾਦੇਸ਼ ਦੀਆਂ ਆਮ ਚੋਣਾਂ 2024 ਵਿੱਚ ਅਵਾਮੀ ਲੀਗ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸ਼ੇਖ ਹਸੀਨਾ (Sheikh Hasina) ਰਿਕਾਰਡ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੀ ਹੈ। ਚੋਣ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤ ਬੰਗਲਾਦੇਸ਼ ਦਾ ‘ਮਹਾਨ ਮਿੱਤਰ’ ਹੈ। ਜਿਕਰਯੋਗ ਹੈ ਕਿ 76 ਸਾਲਾ ਸ਼ੇਖ ਹਸੀਨਾ 2009 ਤੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਕਾਬਜ਼ ਹਨ। ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਐਤਵਾਰ ਨੂੰ ਹੋਈਆਂ ਇਕਤਰਫਾ ਚੋਣਾਂ ਵਿਚ ਭਾਰੀ ਬਹੁਮਤ ਹਾਸਲ ਕੀਤਾ। ਪੂਰੀ ਦੁਨੀਆ ਦੀਆਂ ਨਜ਼ਰਾਂ ਦੱਖਣੀ ਏਸ਼ੀਆਈ ਦੇਸ਼ ਬੰਗਲਾਦੇਸ਼ ਦੀਆਂ ਆਮ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ, ਬਹੁਤ ਘੱਟ ਮਤਦਾਨ ਹੋਇਆ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਮ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਕਿਹਾ, ਭਾਰਤ ਨੇ 1971 ਵਿੱਚ ਅਤੇ 1975 ਵਿੱਚ ਵੀ ਸਾਡਾ ਸਮਰਥਨ ਕੀਤਾ ਸੀ। ਪਰਿਵਾਰਕ ਮੈਂਬਰਾਂ ਦੇ ਕਤਲ ਤੋਂ ਛੇ ਸਾਲ ਬਾਅਦ, ਭਾਰਤ ਨੇ ਮੈਨੂੰ, ਮੇਰੀ ਭੈਣ ਅਤੇ ਮੇਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਨਾਹ ਦਿੱਤੀ। ਉਨ੍ਹਾਂ ਕਿਹਾ, ‘ਅਸੀਂ ਭਾਰਤ ਨੂੰ ਆਪਣਾ ਗੁਆਂਢੀ ਮੰਨਦੇ ਹਾਂ। ਸਾਡੇ ਵਿਚਕਾਰ ਬਹੁਤ ਸਾਰੀਆਂ ਸਮੱਸਿਆਵਾਂ ਸਨ ਪਰ ਅਸੀਂ ਉਨ੍ਹਾਂ ਨੂੰ ਦੋ-ਪੱਖੀ ਤਰੀਕੇ ਨਾਲ ਹੱਲ ਕੀਤਾ। ਭਾਰਤ ਨਾਲ ਸਾਡੇ ਸਬੰਧ ਸ਼ਾਨਦਾਰ ਹਨ। ਹਸੀਨਾ ਨੇ ਕਿਹਾ, ਬੰਗਲਾਦੇਸ਼ ਦੇ ਹਰ ਦੇਸ਼ ਨਾਲ ਚੰਗੇ ਸਬੰਧ ਹਨ ਕਿਉਂਕਿ ਇਹ ਸਾਡਾ ਆਦਰਸ਼ ਹੈ।

ਚੋਣ ਜਿੱਤ ਤੋਂ ਬਾਅਦ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਿਵਾਸ ਗਣਭਵਨ ‘ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਨੇ ਕਿਹਾ, ‘ਸੁਭਾਅ ਤੋਂ ਸਾਡੇ ਲੋਕ ਬਹੁਤ ਹੁਸ਼ਿਆਰ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਨੌਜਵਾਨ ਪੀੜ੍ਹੀ ਨੂੰ ਭਵਿੱਖ ਲਈ ਸਿਖਲਾਈ ਦੇਣਾ ਚਾਹੁੰਦੀ ਹੈ। ਸਾਡਾ ਟੀਚਾ 2041 ਤੱਕ ਦੇਸ਼ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਆਬਾਦੀ, ਸਮਾਰਟ ਸਰਕਾਰ, ਸਮਾਰਟ ਆਰਥਿਕਤਾ ਅਤੇ ਸਮਾਰਟ ਸਮਾਜ ਅਵਾਮੀ ਲੀਗ ਸਰਕਾਰ ਦੇ ਮੁੱਖ ਉਦੇਸ਼ ਹਨ।