ਚੰਡੀਗੜ੍ਹ, 5 ਅਗਸਤ, 2024: ਬੰਗਲਾਦੇਸ਼ (Bangladesh) ‘ਚ ਰਾਖਵੇਂਕਰਨ ਖ਼ਿਲਾਫ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੀਤੇ ਦਿਨ ਹਿੰਸਾ ਦੇ ਕਾਬੂ ਪਾਉਣ ਲਈ ਦੇਸ਼ ਭਰ ‘ਚ ਕਰਫਿਊ ਲਗਾ ਦਿੱਤਾ ਹੈ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ । ਉਨ੍ਹਾਂ ਦੀ ਪੁਲਿਸ ਨਾਲ ਝੜੱਪ ਵੀ ਹੋਈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਐਤਵਾਰ ਨੂੰ 98 ਮੌਤਾਂ ਦੇ ਨਾਲ-ਨਾਲ 500 ਤੋਂ ਵੱਧ ਜਣੇ ਜ਼ਖਮੀ ਹੋ ਗਏ। ਪਿਛਲੇ ਤਿੰਨ ਹਫ਼ਤਿਆਂ ‘ਚ ਇੱਥੇ ਹਿੰਸਾ ‘ਚ 300 ਤੋਂ ਵੱਧ ਜਣਿਆਂ ਦੀ ਜਾਨ ਚੁੱਕੀ ਹੈ |
ਬੰਗਲਾਦੇਸ਼ (Bangladesh) ‘ਚ 3 ਦਿਨਾਂ ਤੋਂ ਸਕੂਲ, ਕਾਲਜ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ | ਸੁਰੱਖਿਆ ਮਾਮਲਿਆਂ ਦੀ ਰਾਸ਼ਟਰੀ ਕਮੇਟੀ ਦੀ ਬੈਠਕ ‘ਚ ਪ੍ਰਧਾਨ ਮੰਤਰੀ ਹਸੀਨਾ ਨੇ ਕਿਹਾ ਹੈ ਕਿ ਦੇਸ਼ ‘ਚ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਨਹੀਂ ਸਗੋਂ ਅ.ਤਿ.ਵਾਦੀ ਹਨ।
ਦਰਅਸਲ, ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਵਿਵਾਦਤ ਰਾਖਵੇਂਕਰਨ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਤਹਿਤ ਸਾਲ 1971 ‘ਚ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ 30 ਫੀਸਦੀ ਸਰਕਾਰੀ ਨੌਕਰੀਆਂ ਰਾਖਵੀਆਂ ਕੀਤੀਆਂ ਗਈਆਂ ਹਨ।
ਬੰਗਲਾਦੇਸ਼ 1971 ‘ਚ ਆਜ਼ਾਦ ਹੋਇਆ ਅਤੇ ਉਸੇ ਸਾਲ ਤੋਂ ਉਥੇ 80 ਫੀਸਦੀ ਕੋਟਾ ਪ੍ਰਣਾਲੀ ਲਾਗੂ ਕੀਤੀ ਗਈ ਸੀ। ਬਾਅਦ ‘ਚ ਕਈ ਬਦਲਾਅ ਕੀਤੇ ਗਏ | ਇਸ ‘ਚ ਆਖਰੀ ਬਦਲਾਅ 2012 ‘ਚ ਹੋਇਆ ਸੀ ਜਦੋਂ ਕੋਟਾ 56% ਸੀ। ਇਸ ‘ਚ ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਨੂੰ 30 ਫੀਸਦੀ, ਪਛੜੇ ਜ਼ਿਲ੍ਹਿਆਂ ਨੂੰ 10 ਫੀਸਦੀ, ਬੀਬਾ ਨੂੰ 10 ਫੀਸਦੀ , ਘੱਟ ਗਿਣਤੀਆਂ ਨੂੰ 5 ਫੀਸਦੀ ਅਤੇ ਅੰਗਹੀਣਾਂ ਨੂੰ 1 ਫੀਸਦੀ ਨੌਕਰੀਆਂ ‘ਚ ਰਾਖਵਾਂਕਰਨ ਦਿੱਤਾ ਗਿਆ | ਸਾਲ 2018 ‘ਚ 4 ਮਹੀਨਿਆਂ ਦੇ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਬੰਗਲਾਦੇਸ਼ ਸਰਕਾਰ ਨੇ ਕੋਟਾ ਸਿਸਟਮ ਖਤਮ ਕਰ ਦਿੱਤਾ ਸੀ ਪਰ ਪਿਛਲੇ ਮਹੀਨੇ 5 ਜੂਨ ਨੂੰ ਹਾਈ ਕੋਰਟ ਨੇ ਸਰਕਾਰ ਨੂੰ ਮੁੜ ਰਾਖਵਾਂਕਰਨ ਦੇਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਸਰਕਾਰ ਨੇ ਇਸ ਨੂੰ ਸਖ਼ਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਹੋਰ ਤਿੱਖਾ ਹੋ ਗਿਆ।