July 5, 2024 8:00 pm
Tamim Iqbal

ਬੰਗਲਾਦੇਸ਼ ਦੇ ਕਪਤਾਨ ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਚੰਡੀਗੜ੍ਹ, 6 ਜੁਲਾਈ 2023: ਬੰਗਲਾਦੇਸ਼ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ (Tamim Iqbal)  ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਕਬਾਲ ਨੇ ਵੀਰਵਾਰ ਨੂੰ ਚਟੋਗਰਾਮ ‘ਚ ਪ੍ਰੈੱਸ ਕਾਨਫਰੰਸ ‘ਚ ਸੰਨਿਆਸ ਲੈਣ ਦਾ ਐਲਾਨ ਕੀਤਾ। ਕੈਮਰੇ ਦੇ ਸਾਹਮਣੇ ਐਲਾਨ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ। 34 ਸਾਲਾ ਤਮੀਮ ਨੇ ਬੰਗਲਾਦੇਸ਼ ਲਈ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਬਣਾਏ, ਜਿਸ ਨਾਲ ਟੀਮ ਲਈ ਉਸ ਦੇ ਕੁੱਲ 25 ਅੰਤਰਰਾਸ਼ਟਰੀ ਸੈਂਕੜੇ ਹਨ |

ਤਮੀਮ ਇਕਬਾਲ ਦੀ ਕਪਤਾਨੀ ‘ਚ ਬੰਗਲਾਦੇਸ਼ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ। ਟੀਮ ਨੂੰ ਅਫਗਾਨਿਸਤਾਨ ਨੇ ਮੀਂਹ ਕਾਰਨ ਹੋਏ ਮੈਚ ਵਿੱਚ 17 ਦੌੜਾਂ ਨਾਲ ਹਰਾਇਆ ਸੀ। ਤਮੀਮ ਇਸ ਮੈਚ ‘ਚ 21 ਗੇਂਦਾਂ ਖੇਡ ਕੇ ਸਿਰਫ 13 ਦੌੜਾਂ ਹੀ ਬਣਾ ਸਕੇ।

ਮੈਚ ‘ਚ ਹਾਰ ਤੋਂ ਬਾਅਦ ਤਮੀਮ ਇਕਬਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਸੰਨਿਆਸ ਦਾ ਐਲਾਨ ਕਰਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਉਨ੍ਹਾਂ ਨੇ ਕਿਹਾ, ‘ਅਫਗਾਨਿਸਤਾਨ ਦੇ ਖਿਲਾਫ ਕੱਲ੍ਹ ਦਾ ਮੈਚ ਮੇਰਾ ਆਖਰੀ ਅੰਤਰਰਾਸ਼ਟਰੀ ਮੈਚ ਸੀ।

ਸੰਨਿਆਸ ਦਾ ਐਲਾਨ ਕਰਦੇ ਹੋਏ ਤਮੀਮ ਇਕਬਾਲ (Tamim Iqbal) ਨੇ ਕਿਹਾ, ‘ਮੇਰੇ ਲਈ ਇਹ ਅੰਤ ਹੈ। ਮੈਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ ਅਤੇ ਹੁਣ ਤੋਂ ਮੈਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਮੈਂ ਇਹ ਫੈਸਲਾ ਅਚਾਨਕ ਨਹੀਂ ਲਿਆ, ਮੈਂ ਕਈ ਦਿਨਾਂ ਤੋਂ ਇਸ ਬਾਰੇ ਸੋਚ ਰਿਹਾ ਸੀ। ਮੈਂ ਕਾਰਨ ਨਹੀਂ ਦੱਸਣਾ ਚਾਹੁੰਦਾ ਪਰ ਮੈਂ ਆਪਣੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਿਆ।

34 ਸਾਲਾ ਤਮੀਮ ਨੇ ਆਪਣੇ ਸਾਥੀ ਖਿਡਾਰੀਆਂ, ਕੋਚ ਅਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਧੰਨਵਾਦ ਕੀਤਾ। ਬੰਗਲਾਦੇਸ਼ ਬੋਰਡ ਨੇ ਟੀਮ ਦੇ ਨਵੇਂ ਕਪਤਾਨ ਦਾ ਨਾਂ ਜਾਰੀ ਨਹੀਂ ਕੀਤਾ ਹੈ। ਆਲਰਾਊਂਡਰ ਸ਼ਾਕਿਬ ਅਲ ਹਸਨ ਟੀ-20 ਅਤੇ ਬੱਲੇਬਾਜ਼ ਲਿਟਨ ਦਾਸ ਟੈਸਟ ਟੀਮ ਦੇ ਕਪਤਾਨ ਹਨ।

ਤਮੀਮ ਨੇ 2007 ਵਿੱਚ ਆਪਣਾ ਵਨਡੇ ਡੈਬਿਊ ਕੀਤਾ ਸੀ, ਉਸ ਸਾਲ ਤਮੀਮ ਇਕਬਾਲ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਅਰਧ ਸੈਂਕੜਾ ਲਗਾ ਕੇ ਬੰਗਲਾਦੇਸ਼ ਨੂੰ ਜਿੱਤ ਦਿਵਾਈ ਸੀ। ਤਮੀਮ ਨੇ ਵਨਡੇ ‘ਚ 14 ਸੈਂਕੜਿਆਂ ਦੀ ਮੱਦਦ ਨਾਲ 8313 ਦੌੜਾਂ ਬਣਾਈਆਂ। ਟੀ-20 ‘ਚ ਵੀ ਉਸ ਦਾ ਸੈਂਕੜਾ ਹੈ, ਉਸ ਨੇ ਪਿਛਲੇ ਸਾਲ ਇਸੇ ਸਮੇਂ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਤਮੀਮ ਨੇ 70 ਟੈਸਟ ਵੀ ਖੇਡੇ ਹਨ। ਇਸ ‘ਚ ਉਨ੍ਹਾਂ ਨੇ 38.89 ਦੀ ਔਸਤ ਨਾਲ 5134 ਦੌੜਾਂ ਬਣਾਈਆਂ। ਤਿੰਨਾਂ ਫਾਰਮੈਟਾਂ ਸਮੇਤ, ਉਸਨੇ 25 ਸੈਂਕੜੇ ਲਗਾਏ ਅਤੇ 15205 ਦੌੜਾਂ ਬਣਾਈਆਂ।