ਅੰਮ੍ਰਿਤਸਰ, 20 ਫਰਵਰੀ 2023: ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਜਥੇਬੰਦੀ ਤੋਂ ਅਲੱਗ ਹੋਏ ਹਿੰਦੂ ਆਗੂਆਂ ਨੇ ਬਣਾਈ ਆਪਣੀ ਸ਼ਿਵ ਸੈਨਾ ਹਿੰਦੂ ਟਕਸਾਲੀ (Shiv Sena Hindu Taksali) ਦੇ ਦਫ਼ਤਰ ਦਾ ਅੱਜ ਅੰਮ੍ਰਿਤਸਰ ਵਿਖੇ ਉਦਘਾਟਨ ਕੀਤਾ | ਇਸਦੀ ਦੀ ਪ੍ਰਧਾਨਗੀ ਜੈਪਾਲ ਲਾਲੀ ਨੂੰ ਸੌਂਪੀ ਗਈ ਹੈ ਅਤੇ ਇਸ ਦੌਰਾਨ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਕੌਂਸਲ ਸ਼ਰਮਾ ਨੂੰ ਇਸ ਲਈ ਸਨਮਾਨਿਤ ਕੀਤਾ ਗਿਆ ਕਿਉਂਕਿ ਜਦੋਂ ਹਿੰਦੂ ਨੇਤਾ ਸੁਧੀਰ ਸੂਰੀ ਦੇ ਗੋਲੀ ਲੱਗੀ ਸੀ ਤਾਂ ਸੂਰੀ ਨੂੰ ਗੋਲੀ ਮਾਰਨ ਵਾਲੇ ਸੰਦੀਪ ਸਿੰਘ ਨੂੰ ਪੁਲਿਸ ਦੇ ਹਵਾਲੇ ਕਰਨ ‘ਚ ਕੌਸ਼ਲ ਸ਼ਰਮਾ ਦਾ ਅਹਿਮ ਰੋਲ ਸੀ |
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਹਿੰਦੂ ਟਕਸਾਲੀ (Shiv Sena Hindu Taksali) ਦੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਨੇ ਕਿਹਾ ਕਿ ਉਹ ਹਮੇਸ਼ਾ ਹਿੰਦੂ ਦੇ ਸਨਾਤਨ ਧਰਮ ਦੀ ਅਵਾਜ਼ ਬੁਲੰਦ ਕਰਦੇ ਹਨ | ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਗਾਇਆ ਜਾ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ |
ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕ ਵਲੋਂ ਜੋ ਆਪਣੇ ਧਰਮ ਦੀ ਰਾਖੀ ਲਈ ਭਾਵੁਕ ਹੋ ਕੇ ਅਜਿਹੇ ਫੈਸਲੇ ਲਏ ਸਨ ਜੋ ਸਮਾਜ ਦੇ ਵਿਰੁੱਧ ਸਨ, ਪਰ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀ ਰਿਹਾਅ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ‘ਤੇ ਦਰਜ ਮਾਮਲੇ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੂੰ ਵੰਗਾਰਨ ਦੀ ਜਗ੍ਹਾ ਕਾਨੂੰਨੀ ਲੜਾਈ ਲੜਨ ਦੀ ਜ਼ਰੂਰਤ ਹੈ |
ਦੂਜੇ ਪਾਸੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਇਕ ਮਹਾਨ ਗਠਬੰਧਨ ਬਣਾ ਕੇ ਜੈਪਾਲ ਲਾਲੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਜੈਪਾਲ ਲਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਸਨਾਤਮ ਧਰਮ ਦੀ ਅਵਾਜ਼ ਬੁਲੰਦ ਕਰਨ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਸੇਵਾਵਾਂ ਦੇ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਹੁਣ ਅੰਮ੍ਰਿਤਸਰ ਵਿਚ 10 ਦੇ ਕਰੀਬ ਹਿੰਦੂ ਸੰਗਠਨਾਂ ਵੱਲੋਂ ਇਕ ਮਹਾਨ ਘਟਨਾ ਬਣਾਇਆ ਗਿਆ ਹੈ | ਜਿਸ ਦੀ ਅਗਵਾਈ ਉਹਨਾਂ ਨੂੰ ਮਿਲੀ ਹੈ ਅਤੇ ਉਹ ਸਭ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ |