ਪਰਫਿਊਮ ਸਪਰੇਅ

ਸ੍ਰੀ ਦਰਬਾਰ ਸਾਹਿਬ ਅੰਦਰ ਪਾਲਕੀ ਸਾਹਿਬ ‘ਤੇ ਪਰਫਿਊਮ ਸਪਰੇਅ ‘ਤੇ ਲਾਈ ਪਾਬੰਦੀ

ਚੰਡੀਗੜ੍ਹ, 10 ਅਕਤੂਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਵੱਲੋਂ ਸ਼ਰਧਾ ਅਤੇ ਸਤਿਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕੀਤੇ ਜਾਣ ਵਾਲੇ ਪਰਫਿਊਮ ਸਪਰੇਅ ਉੱਤੇ ਪੂਰਨ ਰੋਕ ਲਗਾ ਦਿੱਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਚਿੱਠੀ ਵੀ ਜਾਰੀ ਕੀਤੀ ਹੈ।

ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਕੈਮੀਕਲ ਯੁਕਤ ਪਰਫਿਊਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਖ਼ਰਾਬ ਹੋਣ ਦੇ ਨਾਲ ਨਾਲ ਪਾਠੀ ਸਿੰਘਾਂ ਨੂੰ ਅੱਖਾਂ ਅਤੇ ਸਾਹ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸੰਗਤਾਂ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਫੈਸਲਾ ਲਿਆ ਗਿਆ ਕਿਉਂਕਿ ਕੈਮੀਕਲ ਸੈਂਟ ਨਾਲ ਕਾਫੀ ਦਿੱਕਤਾਂ ਆਉਂਦੀਆਂ ਨੇ ਜਿਸ ਕਾਰਨ ਇਸ ‘ਤੇ ਰੋਕ ਲਾਗਾਈ ਗਈ ਹੈ।

ਸੰਗਤਾਂ ਨੂੰ ਅਪੀਲ ਹੈ ਕਿ ਕੈਮੀਕਲ ਸਪਰੇਅ ਦੀ ਬਜਾਏ ਕੁਦਰਤੀ ਫੁੱਲਾਂ ਨਾਲ ਤਿਆਰ ਹੋਣ ਵਾਲੇ ਇੱਤਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ ਅਤੇ ਬੇਅਦਬੀ ਵੀ ਨਾ ਹੋਵੇ |

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪਰਫਿਊਮ ਦੀ ਵਰਤੋਂ ਤੇ ਰੋਕ ਲਗਾਈ ਗਈ ਹੈ। ਪਰਫਿਊਮ ’ਚ ਹਾਨੀਕਾਰਕ ਕੈਮੀਕਲ ਤੇ ਅਲਕੋਹਲ ਦਾ ਮਿਸ਼ਰਣ ਹੋਣ ਦਾ ਤਰਕ ਦਿੱਤਾ ਗਿਆ ਹੈ। ਅਲਕੋਹਲ ਦਾ ਇਸਤੇਮਾਲ ਸਿੱਖ ਮਰਿਆਦਾ ਦੇ ਉਲਟ ਹੈ । ਇਸਦੇ ਨਾਲ ਹੀ ਹੁਣ ਪਾਲਕੀ ਸਾਹਿਬ ਦੇ ਆਗਮਨ ਤੇ ਰਾਤੀਂ ਸੁੱਖ ਆਸਨ ਤੱਕ ਲਿਜਾਣ ਵੇਲੇ ਪਰਫਿਊਮ ਦੀ ਵਰਤੋਂ ਨਹੀਂ ਹੋਵੇਗੀ। ਪਹਿਲਾਂ ਸੰਗਤ ਸ੍ਰੀ ਹਰਿਮੰਦਰ ਸਾਹਿਬ ’ਚ ਪਾਲਕੀ ਸਾਹਿਬ ਦੇ ਆਗਮਨ ’ਤੇ ਪਰਫਿਊਮ ਛਿੜਕਦੀ ਸੀ।

Scroll to Top