July 1, 2024 12:00 am
Quran

ਡੈਨਮਾਰਕ ‘ਚ ਕੁਰਾਨ ਨੂੰ ਸਾੜਨ ‘ਤੇ ਲਾਈ ਪਾਬੰਦੀ, ਉਲੰਘਣਾ ਕਰਨ ਵਾਲੇ ਨੂੰ ਹੋਵੇਗੀ 2 ਸਾਲ ਦੀ ਕੈਦ

ਚੰਡੀਗੜ੍, 8 ਦਸੰਬਰ 2023: ਡੈਨਮਾਰਕ ‘ਚ ਜਨਤਕ ਥਾਵਾਂ ‘ਤੇ ਕੁਰਾਨ (Quran) ਨੂੰ ਸਾੜਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਡੈਨਿਸ਼ ਸੰਸਦ ਨੇ ਵੀਰਵਾਰ ਨੂੰ ਇਹ ਫੈਸਲਾ ਮੁਸਲਿਮ ਦੇਸ਼ਾਂ ‘ਚ ਤਣਾਅ ਘੱਟ ਕਰਨ ਲਈ ਲਿਆ। ਨਿਆਂ ਮੰਤਰੀ ਪੀਟਰ ਹੈਮਲਗਾਰਡ ਨੇ ਕਿਹਾ ਕਿ ਜੁਲਾਈ ਤੋਂ ਹੁਣ ਤੱਕ 500 ਤੋਂ ਵੱਧ ਅਜਿਹੇ ਪ੍ਰਦਰਸ਼ਨ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੁਰਾਨ ਜਾਂ ਝੰਡੇ ਨੂੰ ਸਾੜਨਾ ਸ਼ਾਮਲ ਹੈ।

ਇਨ੍ਹਾਂ ਕਾਰਨ ਡੈਨਮਾਰਕ ਦੇ ਦੂਜੇ ਦੇਸ਼ਾਂ ਨਾਲ ਸਬੰਧ, ਸਾਡੇ ਹਿੱਤ ਅਤੇ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਸੰਸਦ ‘ਚ 5 ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ 179 ਸੰਸਦ ਮੈਂਬਰਾਂ ‘ਚੋਂ 94 ਨੇ ਇਸ ਫੈਸਲੇ ਦੇ ਪੱਖ ‘ਚ ਵੋਟਿੰਗ ਕੀਤੀ ਜਦਕਿ 77 ਸੰਸਦ ਮੈਂਬਰਾਂ ਨੇ ਇਸ ਦੇ ਖ਼ਿਲਾਫ਼ ਵੋਟ ਦਿੱਤੀ। ਡੈਨਮਾਰਕ ਸਰਕਾਰ ਨੇ ਕਿਹਾ ਕਿ ਨਵਾਂ ਕਾਨੂੰਨ ਕੁਰਾਨ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪਾੜਨ, ਸਾੜਨ ਅਤੇ ਜਨਤਕ ਤੌਰ ‘ਤੇ ਇਸ ਦਾ ਅਪਮਾਨ ਕਰਨ ਜਾਂ ਇਸ ਦੀ ਵੀਡੀਓ ਬਣਾਉਣ ‘ਤੇ ਪਾਬੰਦੀ ਹੈ।

ਡੈਨਮਾਰਕ ਡੈਮੋਕਰੇਟਸ ਪਾਰਟੀ ਦੇ ਆਗੂ ਇੰਗਰ ਸਟੋਜਬਰਗ ਦਾ ਕਹਿਣਾ ਹੈ ਕਿ ਇਸ ਫੈਸਲੇ ਲਈ ਇਤਿਹਾਸ ਵਿੱਚ ਸਾਡੀ ਨਿੰਦਾ ਕੀਤੀ ਜਾਵੇਗੀ। ਸਵਾਲ ਇਹ ਹੈ ਕਿ ਕੀ ਅਸੀਂ ਪ੍ਰਗਟਾਵੇ ਦੀ ਆਜ਼ਾਦੀ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜਾਂ ਕੀ ਬਾਹਰੀ ਤਾਕਤਾਂ ਨੇ ਸਾਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ 2 ਸਾਲ ਦੀ ਕੈਦ ਅਤੇ ਜ਼ੁਰਮਾਨਾ ਕੀਤਾ ਜਾਵੇਗਾ।

ਦਰਅਸਲ ਜੂਨ ‘ਚ ਡੈਨਮਾਰਕ ਦੇ ਗੁਆਂਢੀ ਦੇਸ਼ ਸਵੀਡਨ ‘ਚ ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਇਕ ਵਿਅਕਤੀ ਨੇ ਮਸੀਤ ਦੇ ਬਾਹਰ ਕੁਰਾਨ (Quran) ਨੂੰ ਸਾੜ ਕੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਵੀਡਨ ਦਾ ਝੰਡਾ ਵੀ ਲਹਿਰਾਇਆ।