Balluana

ਬੱਲੂਆਣਾ ਦੇ MLA ਅਮਨਦੀਪ ਸਿੰਘ ਗੋਲਡੀ ਵੱਲੋਂ ਬਹਾਦਰਖੇੜਾ ‘ਚ ਨਰਮੇ ਦੇ ਖੇਤਾਂ ਦਾ ਦੌਰਾ

ਬੱਲੂਆਣਾ (ਫਾਜ਼ਿਲਕਾ ), 24 ਜੂਨ 2023: ਬੱਲੂਆਣਾ (Balluana) ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਅੱਜ ਪਿੰਡ ਬਹਾਦਰ ਖੇੜਾ ਦਾ ਦੌਰਾ ਕਰਕੇ ਇੱਥੇ ਖੇਤਾਂ ਵਿਚ ਜਾ ਕੇ ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।

ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ਨੂੰ ਉਤਸਾਹਿਤ ਕਰਨ ਲਈ ਇਸ ਵਾਰ ਜਿੱਥੇ ਅਪ੍ਰੈਲ ਮਹੀਨੇ ਵਿਚ ਸਹੀ ਸਮੇਂ ਤੇ ਨਹਿਰਾਂ ਵਿਚ ਪਾਣੀ ਦਿੱਤਾ ਗਿਆ ਉਥੇ ਹੀ ਕਿਸਾਨਾਂ ਨੂੰ ਨਰਮੇ ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਗੁਲਾਬੀ ਸੁੰਡੀ ਦੇ ਖਤਰੇ ਤੋਂ ਨਰਮੇ ਨੂੰ ਬਚਾਉਣ ਲਈ ਵੀ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦੇਣ ਤਾਂ ਜ਼ੋ ਕਿਸਾਨ ਗੁਲਾਬੀ ਸੁੰਡੀ ਨੂੰ ਫੈਲਣ ਤੋਂ ਰੋਕ ਸਕਨ।

ਇਸ ਮੌਕੇ ਖੇਤੀਬਾੜੀ ਅਧਿਕਾਰੀ ਸੁੰਦਰ ਲਾਲ ਨੇ ਦੱਸਿਆ ਕਿ ਕਿਤੇ ਕਿਤੇ ਗੁਲਾਬੀ ਸੁੰਡੀ ਵੇਖਣ ਨੂੰ ਮਿਲ ਰਹੀ ਹੈ ਅਤੇ ਜ਼ੇਕਰ ਕਿਸਾਨ ਵੀਰ ਵਿਭਾਗ ਦੀਆਂ ਸਿ਼ਫਾਰਸਾਂ ਅਨੁਸਾਰ ਇਸਦਾ ਪ੍ਰਬੰਧਨ ਕਰਨ ਤਾਂ ਇਸ ਦੇ ਫੈਲਾਅ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਮਨਦੀਪ ਸਿੰਘ ਗੋਲਡੀ ਨੇ ਨਰਮੇ ਦੀ ਫਸਲ ਦੀ ਸਮੀਖਿਆ ਲਈ ਵਿਭਾਗ ਦੇ ਸਾਰੇ ਅਧਿਕਾਰੀਆਂ ਨਾਲ ਅਬੋਹਰ ਵਿਖੇ ਵੀ ਇਕ ਬੈਠਕ ਕੀਤੀ ਸੀ ਤਾਂ ਜ਼ੋ ਵਿਭਾਗ ਅਤੇ ਕਿਸਾਨ ਮਿਲ ਕੇ ਨਰਮੇ ਦੀ ਭਰਪੂਰ ਫਸਲ ਲਈ ਉਪਰਾਲੇ ਕਰ ਸਕਨ।

Scroll to Top