ਚੰਡੀਗੜ੍ਹ, 27 ਨਵੰਬਰ 2024: ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਲਵਾਨ ਬਜਰੰਗ ਪੂਨੀਆ (Bajrang Punia) ‘ਤੇ ਰਾਸ਼ਟਰੀ ਡੋਪਿੰਗ ਏਜੰਸੀ (ਨਾਡਾ) ਨੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 23 ਅਪ੍ਰੈਲ 2024 ਤੋਂ ਅਗਲੇ ਚਾਰ ਸਾਲਾਂ ਲਈ ਜਾਰੀ ਰਹੇਗੀ। ਇਸ ਦੌਰਾਨ ਬਜਰੰਗ ਪੂਨੀਆ ਨੇ ਆਪਣਾ ਪ੍ਰਤੀਕਿਰਿਆ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਮੇਰੇ ਲਈ ਹੈਰਾਨੀ ਵਾਲੀ ਗੱਲ ਨਹੀਂ |
ਬਜਰੰਗ ਪੂਨੀਆ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਪਿਛਲੇ ਇੱਕ ਸਾਲ ਤੋਂ ਚੱਲ ਰਹੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਨਮੂਨਾ ਨਾਡਾ ਨੂੰ ਦੇਣ ਤੋਂ ਇਨਕਾਰ ਨਹੀਂ ਕੀਤਾ ਹੈ। ਜਦੋਂ ਦਸੰਬਰ 2023 ‘ਚ ਉਹ ਡੋਪ ਟੈਸਟ ਕਰਵਾਉਣ ਲਈ ਮੇਰੇ ਘਰ ਆਏ, ਤਾਂ ਉਹ ਇੱਕ ਐਕਸਪਾਇਰੀ ਕਿੱਟ ਲੈ ਕੇ ਆਏ। ਮੈਂ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ ਸੀ ।
ਬਜਰੰਗ (Bajrang Punia) ਨੇ ਆਪਣੇ ਬਚਾਅ ‘ਚ ਕਿਹਾ, ਤੁਸੀਂ ਕਿਸੇ ਖਿਡਾਰੀ ਨੂੰ ਐਕਸਪਾਇਰੀ ਕਿੱਟ ਨਹੀਂ ਦੇ ਸਕਦੇ ਅਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰੀ ਟੀਮ ਉੱਥੇ ਸੀ, ਇਸ ਲਈ ਉਨ੍ਹਾਂ ਨੇ ਇਹ ਦੇਖਿਆ। ਉਹ 2020, 2021, 2022 ਲਈ ਐਕਸਪਾਇਰੀ ਕਿੱਟਾਂ ਲੈ ਕੇ ਆਏ ਸਨ। ਮੈਂ ਆਪਣੇ ਯੂਰਿਨ ਦਾ ਨਮੂਨਾ ਦਿੱਤਾ ਪਰ ਫਿਰ ਮੇਰੀ ਟੀਮ ਨੇ ਕਿੱਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸਦੀ ਮਿਆਦ ਖ਼ਤਮ ਹੋ ਚੁੱਕੀ ਸੀ।
ਇਸ ਲਈ ਅਸੀਂ ਕਿੱਟ ਦੀ ਇੱਕ ਵੀਡੀਓ ਬਣਾਈ ਅਤੇ ਇਸਨੂੰ NADA ਨੂੰ ਮੇਲ ਕੀਤਾ, ਉਹਨਾਂ ਨੂੰ ਗਲਤੀ ਬਾਰੇ ਸੂਚਿਤ ਕੀਤਾ। ਪਰ ਉਨ੍ਹਾਂ ਨੇ ਆਪਣੀ ਗਲਤੀ ਨਹੀਂ ਮੰਨੀ, ਜਿਸਦਾ ਜਵਾਬ ਮੈਂ ਅੱਜ ਵੀ ਮੰਗ ਰਾਹ ਹਾਂ | ਉਨ੍ਹਾਂ ਕਿਹਾ ਕਿ ,ਮੈਂ ਕਿਸੇ ਵੇਲੇ ਟੈਸਟ ਲਈ ਤਿਆਰ ਹਾਂ |
ਪਹਿਲਵਾਨ ਵਿਨੇਸ਼ ਦੇ ਨਾਲ ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਬਜਰੰਗ ਨੂੰ ਇਸ ਫੈਸਲੇ ਖਿਲਾਫ ਅਪੀਲ ਕਰਨ ਦਾ ਅਧਿਕਾਰ ਹੈ। ਉਹ ਫੈਸਲੇ ਦੇ ਖਿਲਾਫ ਨਾਡਾ ਦੇ ਅਪੀਲ ਪੈਨਲ ‘ਚ ਜਾ ਸਕਦੇ ਹਨ । ਇਸ ਦੌਰਾਨ ਪੂਨੀਆ ਨੇ ਦੋਸ਼ ਲਾਇਆ ਕਿ ਸਰਕਾਰ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ ਚੱਲ ਰਹੇ ਧਰਨੇ ‘ਚ ਸ਼ਾਮਲ ਕਰਨ ਦਾ ਬਦਲਾ ਲੈਣਾ ਚਾਹੁੰਦੀ ਹੈ।
ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA) ਨੇ ਇਹ ਫੈਸਲਾ 10 ਮਾਰਚ, 2024 ਨੂੰ ਹੋਏ ਰਾਸ਼ਟਰੀ ਟੀਮ ਚੋਣ ਟਰਾਇਲਾਂ ਦੌਰਾਨ ਡੋਪਿੰਗ ਟੈਸਟ ਲਈ ਯੂਰਿਨ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਕਾਰਨ ਲਿਆ ਗਿਆ ਹੈ। ਨਾਡਾ ਨੇ ਬਜਰੰਗ ਨੂੰ ਡੋਪਿੰਗ ਰੋਕੂ ਨਿਯਮ 2.3 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਅਤੇ ਬਾਅਦ ‘ਚ ਉਨ੍ਹਾਂ ਵਿਰੁੱਧ ਇਹ ਸਜ਼ਾ ਲਗਾਈ ਗਈ।
ਜਿਕਰਯੋਗ ਹੈ ਕਿ ਬਜਰੰਗ ਪੂਨੀਆ (Bajrang Punia) ਨੇ 10 ਮਾਰਚ ਨੂੰ ਟਰਾਇਲ ਦੌਰਾਨ ਡੋਪਿੰਗ ਟੈਸਟ ਲਈ ਯੂਰਿਨ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਨਾਡਾ ਨੇ ਜਾਂਚ ਸ਼ੁਰੂ ਕੀਤੀ ਅਤੇ 23 ਅਪ੍ਰੈਲ ਨੂੰ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ। ਬਾਅਦ ‘ਚ ਵਿਸ਼ਵ ਕੁਸ਼ਤੀ ਮਹਾਸੰਘ (UWW) ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ।