Baisakhi

ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਨਵੀਂ ਦਿੱਲੀ ਵਿਖੇ ਵਿਸਾਖੀ ਦਾ ਤਿਉਹਾਰ 14 ਅਪ੍ਰੈਲ ਨੂੰ: ਇਕਬਾਲ ਸਿੰਘ ਲਾਲਪੁਰਾ

ਅੰਮ੍ਰਿਤਸਰ 11 ਅਪ੍ਰੈਲ 2023 : ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਨਵੀਂ ਦਿੱਲੀ ਵਿਖੇ ਵਿਸਾਖੀ (Baisakhi) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸ: ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਇਹ ਜਸ਼ਨ 14 ਅਪ੍ਰੈਲ 2023 ਦਿਨ ਸ਼ੁੱਕਰਵਾਰ ਨੂੰ 95-ਲੋਧੀ ਅਸਟੇਟ ਲੋਧੀ ਰੋਡ ਵਿਖੇ ਹੋਵੇਗਾ। ਜਸ਼ਨ ਦਾ ਮਕਸਦ ਭਾਈਚਾਰਕ ਸਾਂਝ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਇੱਕਜੁੱਟ ਕਰਨਾ ਹੈ। ਪ੍ਰੋ: ਸਰਚਾਂਦ‌ ਸਿੰਘ ਨੇ ਦੱਸਿਆ ਕਿ ਜਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ ਅਤੇ ਐਸੋਸੀਏਸ਼ਨ ਵੱਲੋਂ ਸਮੂਹ ਪੰਜਾਬ ਤੇ ਪੰਜਾਬੀ ਹਿਤੈਸ਼ੀਆਂ ਵਿਚ ਜਸ਼ਨ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਸੰਸਥਾ ਦੇ ਸਰਪ੍ਰਸਤ ਸ: ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਮਿਸ਼ਨ ਸਮੂਹ ਪੰਜਾਬੀਆਂ ਦਾ ਵਿਕਾਸ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨਾ ਹੈ। ਪੰਜਾਬ ਨੇ ਮਾੜੇ ਦਿਨ ਦੇਖੇ ਹਨ, ਅੱਜ ਦਾ ਪੰਜਾਬ ਨਸ਼ਿਆਂ ਦੇ ਭੈੜੇ ਸਾਏ ਹੇਠ ਹੈ, ਕੇਂਦਰੀ ਸੇਵਾਵਾਂ ਵਿੱਚ ਇਨ੍ਹਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜਿਨ੍ਹਾਂ ਬਾਰੇ ਕਿਸੇ ਵਿਆਖਿਆ ਦੀ ਲੋੜ ਨਹੀਂ ਹੈ। ਇਨ੍ਹਾਂ ਦਰਦਾਂ ਦੇ ਅਹਿਸਾਸ ਨਾਲ ਸਾਂਝੀਵਾਲਤਾ ਨੂੰ ਪ੍ਰਣਾਈ ਹੋਈ ਇਹ ਸੰਸਥਾ ਕਿਸੇ ਵੀ ਵੰਡ ਤੋਂ ਨਿਰਲੇਪ ਅਤੇ ਭਾਈਚਾਰਕ ਸਾਂਝ, ਉਦਯੋਗ, ਖੇਤੀਬਾੜੀ, ਸਿੱਖਿਆ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਉਸਾਰੂ ਕੰਮ ਕਰਨ ਵਿੱਚ ਹੀ ਦਿਲਚਸਪੀ ਰੱਖਦੀ ਹੈ।

ਸੰਸਥਾ ਦੇ ਪ੍ਰਧਾਨ ਡਾ: ਕੁਲਵੰਤ ਸਿੰਘ ਧਾਲੀਵਾਲ ਜੋ ਕਿ ਵਰਲਡ ਕੈਂਸਰ ਕੇਅਰ ਦੇ ਵੀ ਚੇਅਰਮੈਨ ਅਤੇ ਕੈਂਸਰ ਵਿਰੁੱਧ ਜਾਗਰੂਕਤਾ ਦੇ ਗਲੋਬਲ ਅੰਬੈਸਡਰ ਹਨ। ਜਿਨ੍ਹਾਂ ਦਾ ਮਿਸ਼ਨ ਮਨੁੱਖਤਾ ਨੂੰ ਕੈਂਸਰ ਤੋਂ ਬਚਣ ਤੇ ਬਚਾਉਣ ’ਚ ਮਦਦ ਕਰਨਾ ਹੈ। ਇਸ ਐਸੋਸੀਏਸ਼ਨ ਨਾਲ ਜੁੜੀ ਹੋਈ ਦੂਸਰੀ ਸੰਸਥਾ, ਹਿਊਮੈਨਿਟੀ ਫਸਟ ਸ: ਅਜੈਵੀਰ ਸਿੰਘ ਦੀ ਅਗਵਾਈ ਵਿੱਚ ਪਹਿਲਾਂ ਹੀ ਪੰਜਾਬ ਵਿੱਚ ਕੰਮ ਕਰ ਰਹੀ ਹੈ ਅਤੇ ਕਰੋਨਾ ਕਾਲ ਦੌਰਾਨ ਬੇਮਿਸਾਲ ਕੰਮ ਕਰ ਚੁੱਕੀ ਹੈ । ਇਹ ਸਿੱਖਿਆ ਅਤੇ ਖੇਡਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।

ਸੰਸਥਾ ਦੇ ਸਰਪ੍ਰਸਤ ਸ: ਇਕਬਾਲ ਸਿੰਘ ਲਾਲਪੁਰਾ ਨੇ ਅੱਗੇ ਦੱਸਿਆ ਕਿ ਸੰਸਥਾ ਪੰਜਾਬ ਅਤੇ ਵਿਸ਼ਵ ਭਰ ਦੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਅਤੇ ਤਰੱਕੀ ਲਈ ਤੇਜ਼ੀ ਨਾਲ ਕਦਮ ਚੁੱਕਣ ਤੋਂ ਇਲਾਵਾ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਾਲੋ-ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਸਬੰਧਿਤ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਵਿੱਚ ਨਸ਼ਾਖੋਰੀ, ਬੇਰੁਜ਼ਗਾਰੀ ਸ਼ਾਮਲ ਹਨ ਅਤੇ ਇਸ ਵੱਲ ਧਿਆਨ ਦੇਣ ਅਤੇ ਸਕਾਰਾਤਮਿਕ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਗਠਨ ਦੇ ਹੋਰਨਾਂ ਉਦੇਸ਼ਾਂ ’ਚ ਪੰਜਾਬ/ਪੰਜਾਬੀਆਂ ਨਾਲ ਸਬੰਧਿਤ ਮੁੱਦਿਆਂ ਨੂੰ ਸਬੰਧਿਤ ਅਧਿਕਾਰੀਆਂ/ ਸੰਸਥਾਵਾਂ/ਸਰਕਾਰਾਂ ਕੋਲ ਸ਼ਾਂਤਮਈ, ਜਮਹੂਰੀ ਅਤੇ ਜਾਇਜ਼ ਢੰਗ ਨਾਲ ਉਠਾਉਣਾ ਹੈ ਤਾਂ ਜੋ ਉਨ੍ਹਾਂ ਦੇ ਜਲਦੀ ਨਿਪਟਾਰੇ ਲਈ ਕੰਮ ਕੀਤਾ ਜਾ ਸਕੇ।

Scroll to Top