ਚੰਡੀਗੜ੍ਹ, 15 ਮਾਰਚ 2023: ਰੇਲਵੇ ‘ਚ ਨੌਕਰੀ ਦੇ ਬਦਲੇ ਜ਼ਮੀਨ ਦੇ ਕਥਿਤ ਭ੍ਰਿਸ਼ਟਾਚਾਰ ਮਾਮਲੇ ‘ਚ ਲਾਲੂ ਪ੍ਰਸ਼ਾਦ ਯਾਦਵ (Lalu Prasad Yadav) ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਤਿੰਨਾਂ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਮਾਰਚ ਨੂੰ ਹੋਵੇਗੀ।
ਲਾਲੂ ਪ੍ਰਸ਼ਾਦ ਯਾਦਵ ਨੂੰ ਵ੍ਹੀਲਚੇਅਰ ‘ਤੇ ਬਿਠਾ ਕੇ ਪਤਨੀ ਰਾਬੜੀ ਦੇਵੀ ਅਤੇ ਬੇਟੀ ਰਾਜ ਸਭਾ ਮੈਂਬਰ ਮੀਸਾ ਭਾਰਤੀ ਅਦਾਲਤ ਦੇ ਅੰਦਰ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਅਦਾਲਤ ਨੇ 27 ਫਰਵਰੀ ਨੂੰ ਲਾਲੂ ਦੀ ਪਤਨੀ ਰਾਬੜੀ ਦੇਵੀ, ਬੇਟੀ ਮੀਸਾ ਭਾਰਤੀ ਸਮੇਤ 14 ਹੋਰ ਦੋਸ਼ੀਆਂ ਨੂੰ ਸੰਮਨ ਜਾਰੀ ਕੀਤਾ ਸੀ।
ਸੰਮਨ ਜਾਰੀ ਹੋਣ ਤੋਂ ਪਹਿਲਾਂ ਸੀਬੀਆਈ ਨੇ ਲਾਲੂ ਤੋਂ ਦਿੱਲੀ ਅਤੇ ਰਾਬੜੀ ਤੋਂ ਪਟਨਾ ਵਿੱਚ ਪੁੱਛਗਿੱਛ ਕੀਤੀ ਹੈ। ਸੀਬੀਆਈ ਨੇ 5 ਮਹੀਨੇ ਪਹਿਲਾਂ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਸਾਲ 2004 ਤੋਂ 2009 ਦੌਰਾਨ ਰੇਲ ਮੰਤਰੀ ਹੁੰਦਿਆਂ ਲਾਲੂ ਯਾਦਵ (Lalu Prasad Yadav) ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਰੇਲਵੇ ‘ਚ ਨੌਕਰੀ ਦੇ ਬਦਲੇ ਲੋਕਾਂ ਤੋਂ ਜ਼ਮੀਨਾਂ ਲੈਣ ਦਾ ਦੋਸ਼ ਹੈ। ਸੀਬੀਆਈ ਦਾ ਇਲਜ਼ਾਮ ਹੈ ਕਿ ਰੇਲਵੇ ਦੀ ਗਰੁੱਪ-ਡੀ ਭਰਤੀ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਨਿਯੁਕਤੀਆਂ ਕੀਤੀਆਂ ਗਈਆਂ ਸਨ।