Punjab

ਪੰਜਾਬ ਲੋਕ ਸਭਾ ਚੋਣਾਂ ‘ਚ 289 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ‘ਆਪ’ ਪਾਰਟੀ ਜ਼ਮਾਨਤ ਜ਼ਬਤ ਬਚਾਉਣ ‘ਚ ਸਫਲ

ਚੰਡੀਗੜ੍ਹ, 08 ਜੂਨ 2024: ਇਸ ਸਾਲ ਲੋਕ ਸਭਾ ਚੋਣਾਂ 2024 (Lok Sabha Elections) ਲਈ ਪੰਜਾਬ ਤੋਂ 328 ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਇਨ੍ਹਾਂ ਵਿੱਚੋਂ 289 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ । ਅਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਛੱਡ ਕੇ ਜੇਕਰ ਚਾਰ ਮੁੱਖ ਪਾਰਟੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵੱਧ ਹਨ, ਜਦੋਂਕਿ ਪੁਰਾਣੇ ਸਮੇਂ ਵਿੱਚ ਉਨ੍ਹਾਂ ਦੀ ਭਾਈਵਾਲ ਰਹੀ ਭਾਜਪਾ ਦੂਜੇ ਨੰਬਰ ’ਤੇ ਹੈ।

ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਉਮੀਦਵਾਰਾਂ ਦੀ ਸੂਚੀ ਵਿੱਚ ਅਕਾਲੀ ਦਲ ਦੇ 10, ਭਾਜਪਾ ਦੇ ਚਾਰ ਅਤੇ ਕਾਂਗਰਸ ਦੇ ਇੱਕ ਉਮੀਦਵਾਰ ਸ਼ਾਮਲ ਹਨ। ਜਦੋਂਕਿ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਜ਼ਬਤ ਬਚਾਉਣ ਵਿੱਚ ਸਫਲ ਰਹੇ ਹਨ।

ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ (15.87 ਫੀਸਦੀ ਵੋਟਾਂ) ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਤੀਜੇ ਨੰਬਰ ‘ਤੇ ਰਹੀ। ਜਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ (Lok Sabha Elections) ਵਿੱਚ ਅਕਾਲੀ ਦਲ ਦਾ 27.45 ਫੀਸਦੀ ਵੋਟ ਸ਼ੇਅਰ ਸੀ, ਜੋ 2024 ਵਿੱਚ 13.42 ਫੀਸਦੀ ਤੱਕ ਰਹਿ ਗਿਆ ਹੈ। 2019 ‘ਚ ਭਾਜਪਾ ਦਾ ਵੋਟ ਸ਼ੇਅਰ 9.63 ਫੀਸਦੀ ਸੀ, ਜੋ ਹੁਣ ਵਧ ਕੇ 18.56 ਫੀਸਦੀ ਹੋ ਗਿਆ ਹੈ।

ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤ ਗਏ ਹਨ। ਹਰਸਿਮਰਤ ਤੋਂ ਇਲਾਵਾ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨਰਦੇਵ ਸਿੰਘ ਬੌਬੀ ਮਾਨ ਅਤੇ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਅਨਿਲ ਜੋਸ਼ੀ ਦੋਵੇਂ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ ਵਿਚ ਕਾਮਯਾਬ ਰਹੇ।

ਅਕਾਲੀ ਦਲ ਦੇ ਉਮੀਦਵਾਰਾਂ ਵਿੱਚ ਮਹਿੰਦਰ ਸਿੰਘ ਕੈਪੀ (6.89 ਫੀਸਦੀ ਵੋਟਾਂ) ਵੀ ਸ਼ਾਮਲ ਹਨ, ਜੋ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਜਲੰਧਰ ਤੋਂ ਚੋਣ ਲੜੇ, ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ । ਪਾਰਟੀ ਦੇ ਬੁਲਾਰੇ ਤੇ ਗੁਰਦਾਸਪੁਰ ਤੋਂ ਉਮੀਦਵਾਰ ਦਲਜੀਤ ਸਿੰਘ ਚੀਮਾ (7.95 ਫੀਸਦੀ ਵੋਟਾਂ), ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ (8.27 ਫੀਸਦੀ ਵੋਟਾਂ), ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ (8.55 ਫੀਸਦੀ ਵੋਟਾਂ), ਹੁਸ਼ਿਆਰਪੁਰ ਤੋਂ ਉਮੀਦਵਾਰ ਸੋਹਣ ਸਿੰਘ ਠੰਡਲ (9.73 ਫੀਸਦੀ ਵੋਟਾਂ), ਆਨੰਦਪੁਰ ਤੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ (11.01 ਫੀਸਦੀ), ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ (13.13 ਫੀਸਦੀ ਵੋਟਾਂ), ਪਟਿਆਲਾ ਤੋਂ ਉਮੀਦਵਾਰ ਐਨ.ਕੇ.ਸ਼ਰਮਾ (13.44 ਫੀਸਦੀ ਵੋਟਾਂ) ਅਤੇ ਫਰੀਦਕੋਟ ਤੋਂ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ (13.68 ਫੀਸਦੀ ਵੋਟਾਂ) ਮਿਲੀਆ ਅਤੇ ਜ਼ਮਾਨਤ ਜ਼ਬਤ ਹੋ ਗਈ |

ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ (8.27 ਫੀਸਦੀ ਵੋਟਾਂ) ਨਾਲ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਹੈ, ਜੋ ਖਡੂਰ ਸਾਹਿਬ ਤੋਂ ਪੰਜਵੇਂ ਸਥਾਨ ‘ਤੇ ਰਿਹਾ। ਬਠਿੰਡਾ ਤੋਂ ਚੌਥੇ ਨੰਬਰ ‘ਤੇ ਰਹੀ ਪਰਮਪਾਲ ਕੌਰ ਸਿੱਧੂ ਸਿਰਫ਼ 9.66 ਫ਼ੀਸਦੀ ਵੋਟਾਂ ਹੀ ਹਾਸਲ ਕਰ ਸਕੀ। ਸੰਗਰੂਰ ਤੋਂ ਚੌਥੇ ਸਥਾਨ ‘ਤੇ ਰਹੇ ਅਰਵਿੰਦ ਖੰਨਾ ਨੂੰ 12.75 ਫੀਸਦੀ ਅਤੇ ਫਤਹਿਗੜ੍ਹ ਸਾਹਿਬ ਤੋਂ ਗੇਜਾ ਰਾਮ ਨੂੰ 13.21 ਫੀਸਦੀ ਵੋਟਾਂ ਮਿਲੀਆਂ।

Scroll to Top