ਮੌਸਮ ਦੀ ਚੇਤਾਵਨੀ

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਖ਼ਰਾਬ ਮੌਸਮ ਦੀ ਚੇਤਾਵਨੀ, ਭਾਰੀ ਮੀਂਹ ਦਾ ਅਲਰਟ

ਦੇਸ਼, 06 ਅਗਸਤ 2025: ਦੇਸ਼ ਦੇ ਉੱਤਰੀ ਅਤੇ ਉੱਤਰ-ਪੂਰਬੀ ਹਿੱਸਿਆਂ ‘ਚ ਖ਼ਰਾਬ ਮੌਸਮ ਦੀ ਚੇਤਾਵਨੀ ਨੇ ਹਲਚਲ ਮਚਾ ਦਿੱਤੀ ਹੈ । ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉੱਤਰ-ਪੂਰਬ ਦੇ ਕਈ ਸੂਬਿਆਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ ਕੁਝ ਦਿਨਾਂ ‘ਚ ਤੇਜ਼ ਮਾਨਸੂਨ ਗਤੀਵਿਧੀਆਂ ਅਤੇ ਨਦੀਆਂ ਦੇ ਪਾਣੀ ਦੇ ਪੱਧਰ ‘ਚ ਵਾਧੇ ਕਾਰਨ ਇਨ੍ਹਾਂ ਖੇਤਰਾਂ ‘ਚ ਹੜ੍ਹ ਵਰਗੀ ਸਥਿਤੀ ਦੀ ਸੰਭਾਵਨਾ ਹੈ।

ਉੱਤਰ-ਪੂਰਬੀ ਸੂਬਿਆਂ ‘ਚ ਖ਼ਰਾਬ ਮੌਸਮ ਦੀ ਚੇਤਾਵਨੀ

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਇੱਕ ਵਾਰ ਫਿਰ ਵਿਗੜ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਮੋਹਾਲੀ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਅਤੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ‘ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ‘ਚ ਮੌਸਮ ਮੁਕਾਬਲਤਨ ਸ਼ਾਂਤ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਮੁਤਾਬਕ ਬੁੱਧਵਾਰ ਤੱਕ ਇਨ੍ਹਾਂ ਜ਼ਿਲ੍ਹਿਆਂ ‘ਚ ਹਲਕਾ ਮੀਂਹ ਪੈਣ ਦੀ ਉਮੀਦ ਹੈ |

ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ‘ਚ ਮੌਸਮ

ਪਹਾੜੀ ਸੂਬਿਆਂ ‘ਚ ਮੌਸਮ ਦੀ ਚੇਤਾਵਨੀ ਅਤੇ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ‘ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਸੜਕਾਂ ਦੇ ਬੰਦ ਹੋਣ ਦਾ ਖ਼ਤਰਾ ਵਧ ਗਿਆ ਹੈ। ਕਈ ਥਾਵਾਂ ‘ਤੇ ਰਾਸ਼ਟਰੀ ਮਾਰਗ ਬੰਦ ਕਰ ਦਿੱਤੇ ਗਏ ਹਨ ਅਤੇ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਹਨ। ਅੱਜ ਕਿੰਨੌਰ ‘ਚ ਬੱਦਲ ਫਟਣ ਦੀ ਖ਼ਬਰ ਸਾਹਮਣੇ ਆਈ ਹੈ |

ਦਿੱਲੀ-ਐਨਸੀਆਰ ਤੇ ਮੱਧ ਪ੍ਰਦੇਸ਼ ਚ ਮਾਨਸੂਨ ਦਾ ਅਸਰ

ਅਗਲੇ ਕੁਝ ਦਿਨਾਂ ਤੱਕ ਦਿੱਲੀ-ਐਨਸੀਆਰ ‘ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਗੁਣਾ ਅਤੇ ਸ਼ਿਵਪੁਰੀ ਸਮੇਤ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਇੱਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਉੱਤਰ ਪ੍ਰਦੇਸ਼ ਦੇ 21 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ

ਉੱਤਰ ਪ੍ਰਦੇਸ਼ ਦੇ 21 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਗੰਗਾ ਅਤੇ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ 200 ਤੋਂ ਵੱਧ ਪਿੰਡ ਅਤੇ 60 ਬਸਤੀਆਂ ਡੁੱਬ ਗਈਆਂ ਹਨ।

ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਰੈੱਡ ਅਲਰਟ

ਅਗਲੇ ਪੰਜ ਦਿਨਾਂ ਤੱਕ ਬਿਹਾਰ ਦੇ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸ਼ਿਵਹਰ, ਗੋਪਾਲਗੰਜ ਅਤੇ ਸਿਵਾਨ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ, 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਬਿਜਲੀ ਗਰਜ ਦਾ ਖ਼ਤਰਾ ਹੈ। ਗੰਡਕ, ਕੋਸੀ, ਮਹਾਨੰਦਾ ਅਤੇ ਅਧਵਾਰਾ ਵਰਗੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

ਉੱਤਰ-ਪੂਰਬੀ ਸੂਬਿਆਂ ‘ਚ ਵੀ ਮੌਸਮ ਦੀ ਚੇਤਾਵਨੀ ਜਾਰੀ ਕਰਦਿਆਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਸਾਮ, ਮੇਘਾਲਿਆ ਅਤੇ ਸਿੱਕਮ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ‘ਚ ਪਾਣੀ ਭਰਨਾ ਅਤੇ ਜ਼ਮੀਨ ਖਿਸਕਣਾ ਸੰਭਵ ਹੈ।

Read More: ਮੌਸਮ ਵਿਭਾਗ ਵੱਲੋਂ 20 ਸੂਬਿਆਂ ‘ਚ ਸੱਤ ਦਿਨਾਂ ਲਈ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਦੀ ਚੇਤਾਵਨੀ

Scroll to Top