ਚੰਡੀਗੜ੍ਹ, 15 ਸਤੰਬਰ 2023: ਬਾਬਰ ਆਜ਼ਮ ਦੀ ਟੀਮ ਨੂੰ ਟੂਰਨਾਮੈਂਟ ‘ਚੋਂ ਬਾਹਰ ਹੁੰਦੇ ਦੇਖ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ (Shoaib Akhtar) ਨੇ ਅਫਸੋਸ ਜ਼ਾਹਰ ਕੀਤਾ ਕਿ ਬਾਬਰ ਐਂਡ ਕੰਪਨੀ ਨੇ ਏਸ਼ੀਆ ਕੱਪ ‘ਚ ਪਹਿਲੀ ਵਾਰ ਭਾਰਤ-ਪਾਕਿਸਤਾਨ ਫਾਈਨਲ ਦਾ ਮੌਕਾ ਗੁਆ ਦਿੱਤਾ ਹੈ। ਮੌਜੂਦਾ ਚੈਂਪੀਅਨ ਸ਼੍ਰੀਲੰਕਾ ਨੇ ਵੀਰਵਾਰ ਨੂੰ ਏਸ਼ੀਆ ਕੱਪ ਦੇ ਸੁਪਰ ਫੋਰ ਦੇ ਮੈਚ ‘ਚ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ।
ਇਸ ਜਿੱਤ ਦੇ ਨਾਲ ਹੀ ਸ਼੍ਰੀਲੰਕਾ ਦੀ ਟੀਮ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਹੁਣ 17 ਸਤੰਬਰ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਹੋਵੇਗਾ। ਦੂਜੇ ਪਾਸੇ ਟੂਰਨਾਮੈਂਟ ਦੀ ਸਭ ਤੋਂ ਪਸੰਦੀਦਾ ਅਤੇ ਮਜ਼ਬੂਤ ਟੀਮ ਮੰਨੀ ਜਾ ਰਹੀ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਫਾਈਨਲ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਟੀਮ ਫਾਈਨਲ ‘ਚ ਭਾਰਤ ਦਾ ਸਾਹਮਣਾ ਕਰ ਸਕੇਗੀ ਪਰ ਚਰਿਥ ਅਸਲੰਕਾ ਨੇ ਆਖਰੀ ਪਲਾਂ ‘ਚ ਸ਼੍ਰੀਲੰਕਾ ਨੂੰ ਰੋਮਾਂਚਕ ਜਿੱਤ ਦਿਵਾਈ।
ਸ਼ੋਏਬ ਅਖਤਰ (Shoaib Akhtar) ਨੇ ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਨਵੇਂ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਦੀ ਤਾਰੀਫ ਕੀਤੀ। ਨਸੀਮ ਸ਼ਾਹ ਦੇ ਸੱਟ ਲੱਗਣ ਤੋਂ ਬਾਅਦ ਉਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਜ਼ਮਾਨ ਦਾ ਐਕਸ਼ਨ ਲਸਿਥ ਮਲਿੰਗਾ ਵਰਗਾ ਹੈ। ਜ਼ਮਾਨ ਨੂੰ ਮੈਚ ਵਿੱਚ ਇੱਕ ਵੀ ਵਿਕਟ ਨਹੀਂ ਮਿਲੀ ਅਤੇ ਛੇ ਓਵਰਾਂ ਵਿੱਚ 39 ਦੌੜਾਂ ਦਿੱਤੀਆਂ। ਫਿਰ ਵੀ ਉਸਨੇ ਅਖਤਰ ਨੂੰ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਸ਼੍ਰੀਲੰਕਾ ਦੀ ਟੀਮ ਫਾਈਨਲ ਵਿੱਚ ਪਹੁੰਚਣ ਦੀ ਹੱਕਦਾਰ ਹੈ। ਉਹ ਸਾਡੇ ਨਾਲੋਂ ਬਹੁਤ ਵਧੀਆ ਖੇਡੇ। ਪਾਕਿਸਤਾਨ ਨੂੰ ਸੋਚਣ ਲਈ ਬਹੁਤ ਕੁਝ ਹੈ ਅਤੇ ਸੁਧਾਰ ਕਰਨ ਦੀ ਲੋੜ ਹੈ |