July 2, 2024 9:10 pm
Baba Farid University

ਬਾਬਾ ਫਰੀਦ ਯੂਨੀਵਰਸਿਟੀ ਮੁੜ ਸੁਰਖੀਆਂ ‘ਚ, ਐਮਰਜੈਂਸੀ ਦੇ ਬਾਹਰ ਡਾਕਟਰ ਨੇ ਕੀਤੀ ਹੜਤਾਲ

ਚੰਡੀਗੜ੍ਹ, 03 ਮਾਰਚ 2023: ਬਾਬਾ ਫਰੀਦ ਯੂਨੀਵਰਸਿਟੀ (Baba Farid University)  ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਮੈਡੀਕਲ ਕਾਲਜ ਦੇ ਡਾਕਟਰਾਂ ਨੇ ਆਪਣਾ ਕੰਮਕਾਜ਼ ਬੰਦ ਕਰ ਦਿੱਤਾ ਹੈ। ਐਮਰਜੈਂਸੀ ਦੇ ਬਾਹਰ ਡਾਕਟਰ ਹੜਤਾਲ ‘ਤੇ ਚਲੇ ਗਏ ਹਨ। ਡਾਕਟਰਾਂ ਦੀ ਇਸ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰਾਂ ਨੇ ਇਹ ਹੜਤਾਲ ਰਜਿਸਟਰਾਰ ਦੇ ਨਵੇਂ ਹੁਕਮਾਂ ਖ਼ਿਲਾਫ਼ ਕੀਤੀ ਹੈ।

ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਅਧੀਨ ਚੱਲ ਰਹੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅੱਜ ਉਸ ਵਕਤ ਹੰਗਾਮਾਂ ਹੋ ਗਿਆ ਜਦੋਂ ਹਸਪਤਾਲ ਦੇ ਸਾਰੇ ਡਾਕਟਰ ਡਾਕਟਰੀ ਸੇਵਾਵਾਂ ਠੱਪ ਕਰਕੇ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਡਾਕਟਰਾਂ ਨੇ ਉਨ੍ਹਾਂ ਚਿਰ ਡਾਕਟਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਜਿੰਨਾਂ ਚਿਰ ਉਹਨਾਂ ਦੇ ਵਹੀਕਲਾਂ ਦੀ ਪਾਰਕਿੰਗ ਦੀ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਕੱਢਿਆ ਜਾਂਦਾ।

ਜਿਕਰਯੋਗ ਹੈ ਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਦਰੁਸਤ ਕਰਨ ਲਈ ਹਸਤਪਾਲ ਦੀ ਐਮਰਜੈਂਸੀ ਵਾਰਡ ਨੂੰ ਜਾਂਦੇ ਰਾਸਤੇ ਵਾਲੇ ਪਾਸੇ ਕਿਸੇ ਵੀ ਤਰਾਂ ਦੇ ਵਹੀਕਲਾਂ ਦੀ ਪਾਰਕਿੰਗ ‘ਤੇ ਰੋਕ ਲਗਾ ਕੇ ਇਕ ਬੋਰਡ ਲਗਾ ਦਿੱਤਾ ਗਿਆ ਸੀ ਕਿ ਜੋ ਵੀ ਇਸ ਏਰੀਏ ਵਿਚ ਆਪਣਾਂ ਵਹੀਕਲ ਪਾਰਕ ਕਰੇਗਾ ਉਸ ਦੇ ਵਹੀਕਲ ਦੀ ਹਵਾ ਕੱਢ ਦਿੱਤੀ ਜਾਵੇਗੀ।

ਜਿਸ ਤੋਂ ਬਾਅਦ ਹਸਪਤਾਲ ਦੇ ਕਈ ਡਾਕਟਰਾਂ ਦੇ ਵਹੀਕਲਾਂ ਦੀ ਹਵਾ ਕੱਢੀ ਗਈ, ਜਿੰਨਾ ਵਿਚ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਔਰਤ ਡਾਕਟਰ ਵੀ ਸ਼ਾਮਲ ਹਨ। ਡਾਕਟਰਾਂ ਦਾ ਸਬਰ ਦਾ ਬੰਨ ਅੱਜ ਉਸ ਵਕਤ ਟੁੱਟ ਗਿਆ ਜਦੋਂ ਐਮਰਜੈਂਸੀ ਕੇਸ ਵੇਖਣ ਲਈ ਡਾਕਟਰ ਅਸ਼ੀਸ ਛਾਬੜਾ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਆਏ ਜਿੰਨਾਂ ਦੀ ਗੱਡੀ ਦੀ ਪਾਰਕਿੰਗ ਠੇਕੇਦਾਰ ਦੇ ਕਰਿੰਦਿਆ ਵੱਲੋਂ ਹਵਾ ਕੱਢੀ | ਜਿਸ ਤੋਂ ਬਾਅਦ ਡਾਕਟਰਾਂ ਵਿਚ ਰੋਸ਼ ਪਾਇਆ ਜਾ ਰਿਹਾ ਅਤੇ ਡਾਕਟਰ ਕੰਮ ਕਾਜ ਬੰਦ ਕਰ ਐਮਰਜੈਂਸੀ ਵਿਭਾਗ ਦੇ ਬਾਹਰ ਇਕੱਠੇ ਹੋ ਕੇ ਸ਼ਾਂਤ ਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਗੱਲਬਾਤ ਕਰਦਿਆਂ ਪੀੜਤ ਡਾਕਟਰ ਅਸ਼ੀਸ਼ ਛਾਬੜਾ ਨੇ ਦੱਸਿਆ ਕਿ ਉਹ ਐਮਰਜੈਂਸੀ ਵਿਭਾਗ ਵਿਚ ਐਮਜੈਂਸੀ ਕੇਸ ਚੈੱਕ ਕਰਨ ਆਇਆ ਸੀ ਅਤੇ ਪਾਰਕਿੰਗ ਵਿਚ ਸੈੱਡ ਹੇਠਾ ਉਹਨਾਂ ਨੇ ਆਪਣੀ ਕਾਰ ਪਾਰਕ ਕੀਤੀ ਸੀ | ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਕਾਰ ਦੇ ਚਾਰੋ ਟਾਇਰਾਂ ਦੀ ਹਵਾ ਨਿੱਕਲੀ ਹੋਈ ਸੀ ਅਤੇ ਇਕ ਵਿਅਕਤੀ ਨੇੜੇ ਹੀ ਹੱਤ ਵਿਚ ਨੁਕੀਲਾ ਸੂਆ ਫੜ੍ਹ ਕੇ ਹੋਰ ਖੜ੍ਹੇ ਵਹੀਕਲਾਂ ਦੀ ਹਵਾ ਕੱਢ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸ ਵਿਅਕਤੀ ਤੋਂ ਆਪਣੀ ਕਾਰ ਦੀ ਹਵਾ ਕੱਢੇ ਜਾਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਇੱਥੇ ਤੁਸੀ ਕਾਰ ਪਾਰਕ ਨਹੀਂ ਕਰ ਸਕਦੇ, ਇਸੇ ਲਈ ਹਵਾ ਕੱਢੀ ਗਈ ਹੈ। ਉਹਨਾਂ ਦੱਸਿਆ ਕਿ ਜਦ ਉਹਨਾਂ ਬਾਹਰ ਜਾ ਕੇ ਆਪਣੀ ਕਾਰ ਦੇ ਟਾਇਰਾਂ ਵਿਚ ਹਵਾ ਭਰਵਾਈ ਤਾਂ ਪਤਾ ਚੱਲਿਆ ਕਿ ਇਕ ਟਾਇਰ ਨੂੰ ਤਿੱਖੇ ਸੂਏ ਮਾਰ ਕੇ ਪੈਂਚਰ ਕੀਤਾ ਹੋਇਆ ਸੀ। ਉਹਨਾਂ ਦੱਸਿਆ ਸਾਰੇ ਡਾਕਟਰਾਂ ਨੇ ਐਮਰਜੈਂਸੀ ਸੇਵਾਵਾ ਵੇਖਣ ਲਈ ਦਿਨ ਵਿਚ ਅਤੇ ਰਾਤ ਵੇਲੇ ਕਈ ਕਈ ਵਾਰ ਆਉਣਾ ਹੁੰਦਾ ਹੈ, ਪਰ ਜੇਕਰ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਆਹੀ ਵਤੀਰਾ ਕੀਤਾ ਜਾਂਦਾ ਰਿਹਾ ਤਾਂ ਡਾਕਟਰ ਆਪਣਾਂ ਕੰਮ ਨਹੀਂ ਕਰ ਪਾਉਣਗੇ।

ਇਸ ਮੌਕੇ ਇਕ ਲੇਡੀਜ ਡਾਕਟਰ ਨੇ ਦੱਸਿਆ ਕਿ ਇਥੇ ਵਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਬੇਵਜ੍ਹਾ ਰੌਲਾ ਪਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਉਹ ਐਮਰਜੈਂਸੀ ਸੇਵਾਵਾਂ ਲਈ ਦਿਨ ਰਾਤ ਕਈ ਕਈ ਵਾਰ ਹਸਪਤਾਲ ਆਉਂਦੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਹਨਾਂ ਦੇ ਵਹੀਕਲ ਦੀ ਹਵਾ ਕੱਢੀ ਜਾਂਦੀ ਹੈ। ਉਹਨਾ ਦੱਸਿਆ ਕਿ ਯੂਨੀਵਰਸਟੀ ਪ੍ਰਸ਼ਾਸਨ ਜਾਣ ਬੁੱਝ ਕੇ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ । ਉਹਨਾਂ ਮੰਗ ਕੀਤੀ ਕਿ ਡਾਕਟਰੀ ਸਟਾਫ ਲਈ ਢੁਕਵੇਂ ਵਹੀਕਲ ਪਾਰਕਿੰਗ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ।

ਇਸ ਸੰਬੰਧੀ ਗੱਲਬਾਤ ਕਰਦਿਆਂ ਰੈਜੀਡੈਂਟ ਡਾਕਟਰ ਐਸ਼ੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਯੂਨੀਵਰਸਟੀ ਵੱਲੋਂ 4/5 ਦਿਨ ਪਹਿਲਾਂ ਇਕ ਤੁਗਲਕੀ ਫਰਮਾਨ ਜਾਰੀ ਕਰ ਵਹੀਕਲ ਪਾਰਕਿੰਗ ਬੰਦ ਕਰ ਕੇ ਡਾਕਟਰਾਂ ਲਈ ਅਜਿਹੇ ਥਾਂ ‘ਤੇ ਪਾਰਕਿੰਗ ਦਾ ਇੰਤਜਾਮ ਕੀਤਾ ਗਿਆ ਜੋ ਐਮਰਜੈਂਸੀ ਵਾਰਡ ਤੋਂ ਕਾਫੀ ਦੂਰ ਹੈ ਅਤੇ ਜਿੱਥੇ ਔਰਤ ਡਾਕਟਰਾਂ ਲਈ ਪਾਰਕਿੰਗ ਦਾ ਇੰਤਜਾਮ ਕੀਤਾ ਗਿਆ ਹੈ ਉਹ ਵੀ ਐਮਰਜੈਂਸੀ ਵਾਰਡ ਤੋਂ ਦੂਰ ਹੈ ਅਤੇ ਘੁੱਪ ਹਨੇਰੇ ਵਾਲੀ ਜਗ੍ਹਾ ਹੈ।

ਉਹਨਾਂ ਕਿਹਾ ਕਿ ਜੇਕਰ ਲੇਟ ਨਾਈਟ ਡਿਊਟੀ ‘ਤੇ ਆਉਣ ਸਮੇਂ ਜਾਂ ਜਾਣ ਸਮੇਂ ਕਿਸੇ ਲੇਡੀਜ ਡਾਕਟਰ ਨਾਲ ਕੋਈ ਅਣਸੁਖਾਵੀਂ ਘਟਨਾਂ ਵਾਪਰ ਗਈ ਤਾਂ ਜਿੰਮੇਵਾਰ ਕੌਣ ਹੋਵੇਗਾ। ਉਹਨਾਂ ਕਿਹਾ ਕਿ ਯੂਨੀਵਰਸਟੀ ਪ੍ਰਸ਼ਾਸ਼ਨ ਪਾਰਕਿੰਗ ਠੇਕਦਾਰਾਂ ਨਾਲ ਮਿਲ ਕੇ ਟਾਇਰ ਪੈਂਚਰ ਮਾਫੀਆ ਵਾਂਗ ਕੰਮ ਕਰ ਰਿਹਾ ਹੈ ਜੋ ਹਰ ਰੋਜ ਡਿਉਟੀ ਤੇ ਆਏ ਡਾਕਟਰਾਂ ਦੇ ਵਹੀਕਲਾਂ ਦੇ ਟਾਇਰ ਪੈਂਚਰ ਕਰ ਕੇ ਹਵਾ ਕੱਢ ਰਿਹਾ ਹੈ । ਇਸ ਨੂੰ ਲੇ ਕੇ ਅੱਜ ਉਹਨਾਂ ਵੱਲੋਂ ਕੰਮ ਬੰਦ ਕਰ ਰੋਸ਼ ਜਾਹਰ ਕੀਤਾ ਜਾ ਰਿਹਾ ਹੈ ਅਤੇ ਇਹ ਹੜਤਾਲ ਉਨਾਂ ਚਿਰ ਜਾਰੀ ਰਹੇਗੀ ਜਦੋਂ ਤੱਕ ਡਾਕਟਰਾਂ ਨੂੰ ਵਹੀਕਲ ਪਾਰਕ ਕਰਨ ਲਈ ਢੁੱਕਵੀਂ ਥਾਂ ਨਹੀਂ ਮਿਲ ਜਾਂਦੀ।

ਇਸ ਪੂਰੇ ਮਾਮਲੇ ਬਾਰੇ ਜਦ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸ਼ੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਾਕਟਰਾਂ ਦੇ ਵਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਸਮੱਸਿਆ ਆਈ ਹੈ | ਜਿਸ ਦੇ ਹੱਲ ਲਈ ਉਹ ਯੂਨੀਵਰਸਟੀ ਦੇ ਰਜਿਸਟਰਾਰ ਨਾਲ ਗੱਲ ਕਰਨ ਜਾ ਰਹੇ ਹਨ ਅਤੇ ਜਲਦ ਹੀ ਡਾਕਟਰਾਂ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ। ਵਹੀਕਲਾਂ ਦੀ ਹਵਾ ਕੱਢਣ ਅਤੇ ਟਾਇਰ ਪੈਂਚਰ ਕਰਨ ਬਾਰੇ ਪੁੱਛੇ ਸਵਾਲ ‘ਤੇ ਉਹਨਾਂ ਕਿਹਾ ਕਿ ਇਹ ਜਾਇਜ ਨਹੀਂ ਹੈ, ਇਸੇ ਲਈ ਗੱਲਬਾਤ ਕਰਨ ਲਈ ਉਹ ਰਜਿਸਟਰਾਰ ਬਾਬਾ ਫਰੀਦ ਯੁਨੀਵਰਸਟੀ ਨੂੰ ਮਿਲਣ ਜਾ ਰਹੇ ਹਨ।