ਚੰਡੀਗੜ੍ਹ, 4 ਜਨਵਰੀ 2024: ਸੂਬੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਕਵਰ ਅਧੀਨ ਲਿਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇੱਕ ਵਿਸ਼ੇਸ਼ ਪਹਿਲਕਦਮੀ -ਆਯੂਸ਼ਮਾਨ ਕਾਰਡ (AYUSHMAN CARD) ਦੀਵਾਲੀ ਬੰਪਰ ਦਾ ਡਰਾਅ 9 ਜਨਵਰੀ, 2024 ਨੂੰ ਕੱਢਿਆ ਜਾ ਰਿਹਾ ਹੈ। ਇਹ ਡਰਾਅ ਪੰਜਾਬ ਰਾਜ ਲਾਟਰੀਆਂ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਲੁਧਿਆਣਾ ਦੇ ਕੈਂਪ ਦਫ਼ਤਰ ਵਿਖੇ ਲੋਕਾਂ ਦੇ ਮੌਜੂਦਗੀ ਵਿੱਚ ਕੱਢਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਰਾਜ ਸਿਹਤ ਏਜੰਸੀ ਵੱਲੋਂ 16 ਅਕਤੂਬਰ ਨੂੰ ਇੱਕ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਖ਼ੁਦ ਨੂੰ ਰਜਿਸਟਰ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਮੌਕਾ ਸੀ।
ਇਸ ਸਕੀਮ ਦੀ ਮਿਆਦ ਪਹਿਲਾਂ 30 ਨਵੰਬਰ, 2023 ਤੱਕ ਸੀ ਪਰ ਬਾਅਦ ਵਿੱਚ ਇਸ ਨੂੰ 31 ਦਸੰਬਰ 2023 ਤੱਕ ਵਧਾ ਦਿੱਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਲਾਭ ਲੈ ਸਕਣ। ਰਾਜ ਸਿਹਤ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਬਬੀਤਾ ਨੇ ਕਿਹਾ ਕਿ ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਦੌਰਾਨ 3.21 ਲੱਖ ਤੋਂ ਵੱਧ ਕਾਰਡ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਲਿਹਾਜ਼ਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ 10 ਖੁਸ਼ਕਿਸਮਤ ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50000 ਰੁਪਏ ਅਤੇ ਤੀਜਾ ਇਨਾਮ 25000 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਚੌਥਾ ਇਨਾਮ 10000 ਰੁਪਏ ਅਤੇ ਪੰਜਵਾਂ ਇਨਾਮ 8000 ਰੁਪਏ ਹੈ ਜਦਕਿ ਛੇਵਾਂ ਤੋਂ ਦਸਵਾਂ ਇਨਾਮ 5000 ਰੁਪਏ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਡਰਾਅ ਦੌਰਾਨ ਆਪਣੇ ਕਾਰਡ (AYUSHMAN CARD) ਪ੍ਰਾਪਤ ਕਰਨ ਵਾਲੇ ਲਾਭਪਾਤਰੀ ਡਰਾਅ ਬਾਰੇ ਹੋਰ ਵੇਰਵਿਆਂ ਲਈ ਵਿਭਾਗੀ ਵੈੱਬਸਾਈਟ www.sha.punjab.gov.in ’ਤੇ ਜਾ ਸਕਦੇ ਹਨ। ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਵਿਭਾਗ ਜੇਤੂਆਂ ਨੂੰ ਸੂਚਿਤ ਕਰੇਗਾ, ਅਤੇ ਸੂਚੀ ਵੈਬਸਾਈਟ ’ਤੇ ਅਤੇ ਵੱਖ-ਵੱਖ ਮੀਡੀਆ ਸਰੋਤਾਂ ਰਾਹੀਂ ਉਪਲਬਧ ਕਰਵਾਈ ਜਾਵੇਗੀ । ਇਸ ਦੇ ਨਾਲ ਹੀ, ਆਮ ਲੋਕਾਂ ਨੂੰ ਡਰਾਅ ਦੇਖਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।