July 2, 2024 7:53 pm
Ayushman Bhava

ਪੀ.ਐਚ.ਸੀ. ਬੂਥਗੜ੍ਹ ਵਿਖੇ ‘ਆਯੁਸ਼ਮਾਨ ਭਵ’ ਮੁਹਿੰਮ ਦੀ ਕੀਤੀ ਸ਼ੁਰੂਆਤ

ਐੱਸ.ਏ.ਐੱਸ ਨਗਰ, 13 ਸਤੰਬਰ 2023: ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਤੇ ਅਧੀਨ ਸਿਹਤ ਸੰਸਥਾਵਾਂ ’ਚ ‘ਆਯੁਸ਼ਮਾਨ ਭਵ’ (Ayushman Bhava) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਅਲਕਜੋਤ ਕੌਰ ਨੇ ਦਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿਹਤ ਸਕੀਮਾਂ ਨੂੰ ਆਖਰੀ ਕਤਾਰ ਵਿਚ ਖੜ੍ਹੇ ਵਿਅਕਤੀਆ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਤਹਿਤ ‘ਆਯੂਸ਼ਮਾਨ ਆਪਕੇ ਦੁਆਰ’, ‘ਆਯੁਸ਼ਮਾਨ ਮੇਲਾ’ ਅਤੇ ‘ਆਯੂਸ਼ਮਾਨ ਸਭਾ’ ਦਾ ਆਯੋਜਨ ਕੀਤਾ ਜਾਵੇਗਾ। ‘ਆਯੂਸ਼ਮਾਨ ਆਪਕੇ ਦੁਆਰ’ ਤਹਿਤ ਹਰ ਯੋਗ ਲਾਭਪਾਤਰੀਆਂ (Ayushman Bhava) ਦੇ ਆਯੁਸ਼ਮਾਨ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ‘ਆਯੂਸ਼ਮਾਨ ਮੇਲੇ’ ਤਹਿਤ 17 ਤੋਂ 23 ਸਤੰਬਰ ਤੱਕ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗੈਰ-ਸੰਚਾਰੀ ਬਿਮਾਰੀ ਦੀ ਜਾਂਚ ਅਤੇ ਟੀਬੀ ਦੀ ਬਿਮਾਰੀ ਦੇ ਸ਼ੱਕੀਆਂ ਦੀ ਪਛਾਣ ਕੀਤੀ ਜਾਵੇਗੀ।

ਇਸ ਮੁਹਿੰਮ ਦੌਰਾਨ ਲੋਕਾਂ ਦੀ ਸੁਵਿਧਾ ਲਈ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਚ ਪਿੰਡ ਪੱਧਰੀ ਸਿਹਤ ਮੇਲੇ ਲਗਾਏ ਜਾਣਗੇ, ਜਿਨ੍ਹਾਂ ਵਿਚ ਸਰਕਾਰੀ ਸਿਹਤ ਸਹੂਲਤਾਂ ਦੀ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ, ਆਯੂਸ਼ਮਾਨ ਕਾਰਡ, ਟੀਕਾਕਰਨ ਅਤੇ ਟੀਬੀ ਮਰੀਜ਼ਾਂ ਦੀ ਪਛਾਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਸਿੱਖਿਆ ਵੀ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤ ਸੰਮਤੀ ਮਾਜਰੀ ਦੇ ਚੇਅਰਮੈਨ ਲਾਭ ਸਿੰਘ, ਪਿੰਡ ਫ਼ਤਿਹਪੁਰ ਸਿਆਲਬਾ ਦੇ ਪੰਚ ਕੁਲਦੀਪ ਸਿੰਘ, ਡਾ. ਅਰੁਣ ਬਾਂਸਲ, ਡਾ. ਕਾਰਜ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।