ਐੱਸ.ਏ.ਐੱਸ ਨਗਰ, 13 ਸਤੰਬਰ 2023: ਜ਼ਿਲ੍ਹਾ ਸਿਹਤ ਵਿਭਾਗ ਅਤੇ ਮੈਡੀਕਲ ਕਾਲਜ ਵਲੋਂ ਅੱਜ ਇਥੇ ‘ਆਯੁਸ਼ਮਾਨ ਭਵ’ (Ayushman Bhava) ਮੁਹਿੰਮ ਦੀ ਜ਼ਿਲ੍ਹਾ ਪੱਧਰੀ ਸ਼ੁਰੂਆਤ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ. (ਡੀ) ਗੀਤਿਕਾ ਸਿੰਘ ਨੇ ਦਸਿਆ ਕਿ ਇਸ ਦੇਸ਼ ਪੱਧਰੀ ਮੁਹਿੰਮ ਦੀ ਸ਼ੁਰੂਆਤ ਅੱਜ ਭਾਰਤ ਦੇ ਰਾਸ਼ਟਰਪਤੀ ਵਲੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਦੇਸ਼ ਦੇ ਹਰ ਵਿਅਕਤੀ ਤਕ ਸਿਹਤ ਸੇਵਾਵਾਂ ਪਹੁੰਚਾਉਣਾ, ਜਾਗਰੂਕਤਾ ਵਧਾਉਣਾ ਅਤੇ ਹਰ ਯੋਗ ਲਾਭਪਾਤਰੀ ਦਾ ਮੁਫ਼ਤ ਸਿਹਤ ਬੀਮਾ ਕਰਨਾ ਹੈ। ਇਹ ਮੁਹਿੰਮ ਪਹਿਲਾਂ ਹੀ ਚੱਲ ਰਹੀ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਵਿਸਤਾਰ ਹੈ ਜਿਸ ਤਹਿਤ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾ ਕੇ ਉਨ੍ਹਾਂ ਨੂੰ 5 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਕਵਰੇਜ ਦਿਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਅਪਣੇ ਸੰਬੋਧਨ ’ਚ ਦਸਿਆ ਕਿ ਇਹ ਮੁਹਿੰਮ (Ayushman Bhava) 17 ਸਤੰਬਰ ਤੋਂ 2 ਅਕਤੂਬਰ 2023 ਤਕ ਚੱਲੇਗੀ ਜਿਸ ਨੂੰ ‘ਸੇਵਾ ਪਖਵਾੜਾ’ ਦਾ ਨਾਮ ਦਿਤਾ ਗਿਆ ਹੈ ਅਤੇ ਅੱਗੇ ਵੀ ਜਾਰੀ ਰਹੇਗੀ। ਇਹ ਮੁਹਿੰਮ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਮੰਤਵ ਵੱਖ-ਵੱਖ ਸਿਹਤ ਯੋਜਨਾਵਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਪਿੰਡਾਂ ਤੇ ਸ਼ਹਿਰਾਂ ’ਚ ਵੱਧ ਤੋਂ ਵੱਧ ਅਹਿਮ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਦੌਰਾਨ ਕਈ ਸਿਹਤ ਸਰਗਰਮੀਆਂ ਕੀਤੀਆਂ ਜਾਣੀਆਂ ਹਨ।
ਮੁਹਿੰਮ ਦੇ ਤਿੰਨ ਮੁੱਖ ਹਿੱਸੇ ਹਨ ਜਿਵੇਂ ਆਯੁਸ਼ਮਾਨ ਆਪਕੇ ਦਵਾਰ 3.0 ਜਿਸ ਤਹਿਤ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਜਾਣਗੇ ਜਿਨ੍ਹਾਂ ਜ਼ਰੀਏ ਉਹ 5 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਹਾਸਲ ਕਰਨਗੇ। ਦੂਜਾ ਹਿੱਸਾ ਹੈ ਆਯੁਸ਼ਮਾਨ ਮੇਲੇ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰ ਪੱਧਰ ’ਤੇ ਹਰ ਹਫ਼ਤੇ ਲਗਾਏ ਜਾਣਗੇ। ਤੀਜਾ ਹਿੱਸਾ ਹੈ ਆਯੁਸ਼ਮਾਨ ਸਭਾ ਜਿਸ ਤਹਿਤ ਵੱਖ ਵੱਖ ਸਿਹਤ ਸਕੀਮਾਂ ਬਾਰੇ ਜਾਗਰੂਕਤਾ ਵਧਾਉਣ ਲਈ ਪਿੰਡ/ਵਾਰਡ ਪੱਧਰ ’ਤੇ ਗ੍ਰਾਮ ਸਭਾ ਜਾਂ ਵਾਰਡ ਸਭਾਵਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਸਵੱਛ ਅਭਿਆਨ, ਅੰਗਦਾਨ ਸੰਕਲਪ ਮੁਹਿੰਮ, ਖ਼ੂਨ ਦਾਨ ਕੈਂਪ ਵੀ ਇਸ ਮੁਹਿੰਮ ਦਾ ਹਿੱਸਾ ਹੋਣਗੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਪੂਰੇ ਉਤਸ਼ਾਹ ਨਾਲ ਇਸ ਵੱਕਾਰੀ ਮੁਹਿੰਮ ਦਾ ਹਿੱਸਾ ਬਣਨ ਤਾਕਿ ਹਰ ਵਿਅਕਤੀ ਤਕ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਸਕਣ।
ਸਮਾਗਮ ’ਚ ਟੀ.ਬੀ. ਦੇ ਮਰੀਜ਼ਾਂ ਦੀ ਮਦਦ ਕਰਨ ਵਾਲੇ ਨਿਕਸ਼ੇ ਮਿੱਤਰਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ’ਚ ਫ਼ੋਰਟਿਸ ਹਸਪਤਾਲ ਤੋਂ ਵਿਕਾਸ ਅਤੇ ਕਾਮਾ ਹੋਟਲ ਤੋਂ ਵਿਨੇ ਸ਼ਾਮਲ ਸਨ। ਇਸ ਮੌਕੇ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਡਾ. ਵਿਜੇ ਭਗਤ ਤੇ ਹੋਰ ਅਧਿਕਾਰੀ ਮੌਜੂਦ ਸਨ।