Sub Tehsil

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ਵ ਏਡਜ਼ ਦਿਵਸ ‘ਤੇ ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਪ੍ਰੋਗਰਾਮ

ਐੱਸ.ਏ.ਐੱਸ. ਨਗਰ, 1 ਦਸੰਬਰ 2023: ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਦੀ ਪਾਲਣਾ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਵਿਸ਼ਵ ਏਡਜ਼ (AIDS) ਦਿਵਸ ਤੇ ਜ਼ਿਲ੍ਹਾ ਕਚਹਿਰੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਕਰਮਚਾਰੀਆਂ ਤੇ ਸਫਾਈ ਸੇਵਕਾਂ ਨੂੰ ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਕਰਵਾਉਣ ਦਾ ਮਕਸਦ ਜਨਤਾ ਨੂੰ ਏਡਜ਼ (AIDS) ਵਰਗੀ ਭਿਆਨਕ ਬਿਮਾਰੀ ਨੂੰ ਵਧਣ ਤੋਂ ਰੋਕਣ ਅਤੇ ਇਸ ਦੇ ਸਮਾਜ ਤੇ ਪੈਣ ਵਾਲੇ ਪ੍ਰਭਾਵ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਡਜ਼ ਇੱਕ ਅਜਿਹੀ ਲਾਇਲਾਜ ਬਿਮਾਰੀ ਹੈ ਜੋ ਪੀੜ੍ਹਤ ਵਿਅਕਤੀ ਦੇ ਨਾਲ ਰਹਿਣ, ਉਸ ਨੂੰ ਛੂਹਣ ਜਾਂ ਉਸ ਨਾਲ ਕੁਝ ਖਾਣ ਨਾਲ ਨਹੀਂ ਵਧਦੀ ਸਗੋਂ ਅਸੁਰੱਖਿਅਤ ਢੰਗ ਨਾਲ ਸਰੀਰਕ ਸਬੰਧ ਬਣਾਉਣ, ਨਸਿ਼ਆਂ ਆਦਿ ਦੀ ਵਰਤੋਂ ਸਮੇਂ ਇੱਕੋ ਹੀ ਸਰਿੰਜ ਦੀ ਵਰਤੋਂ ਕਰਨ ਅਤੇ ਕਿਸੇ ਗੈਰ ਸਿੱਖਿਅਤ ਵਿਅਕਤੀ ਵਲੋਂ ਇੱਕੋ ਹੀ ਸਰਿੰਜ ਨਾਲ ਬਿਮਾਰ ਵਿਅਕਤੀਆਂ ਨੂੰ ਟੀਕਾ ਲਗਾਉਣ ਨਲ ਵਧਦੀ ਹੈ।

ਇਸ ਮੌਕੇ ‘ਤੇ ਬਲਜਿੰਦਰ ਸਿੰਘ ਮਾਨ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਵਲੋਂ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਅਜਿਹੀ ਬਿਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਸਮੇਂ—ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਅਤੇ ਸੁਰੱਖਿਆ ਸਾਧਨਾਂ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਵਿਸ਼ਵ ਏਡਜ਼ ਦਿਵਸ ਤੇ ਜਿਲੇ੍ਹ ਦੇ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਲੀਗਲ ਲਿਟਰੇਸੀ ਕਲੱਬਾਂ ਵਲੋਂ ਵੀ ਅਵੇਅਰਨੈਸ ਪ੍ਰੋਗਰਾਮ ਕੀਤੇ ਗਏ।

Scroll to Top