Turkey

ਤੁਰਕੀ ਤੇ ਸੀਰੀਆ ਨੂੰ ਆਸਟ੍ਰੇਲੀਆ-ਨਿਊਜ਼ੀਲੈਂਡ ਨੇ ਭੇਜੀ ਵਿੱਤੀ ਸਹਾਇਤਾ, ਤੁਰਕੀ ਨੇ ਭਾਰਤ ਦਾ ਕੀਤਾ ਧੰਨਵਾਦ

ਚੰਡੀਗੜ੍ਹ, 07 ਫਰਵਰੀ 2023: ਤੁਰਕੀ (Turkey) ਅਤੇ ਸੀਰੀਆ (Syria) ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਪਾਰ ਹੋ ਗਈ ਹੈ। ਜ਼ਖਮੀਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਸੈਂਕੜੇ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਇਸ ਦੌਰਾਨ ਸਥਿਤੀ ਦੇ ਮੱਦੇਨਜ਼ਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਤੁਰਕੀ ਅਤੇ ਸੀਰੀਆ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਲਈ 11 ਮਿਲੀਅਨ ਡਾਲਰ (ਕਰੀਬ 90 ਕਰੋੜ ਰੁਪਏ) ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਈ ਤਰੀਕਿਆਂ ਨਾਲ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਸੋਮਵਾਰ ਤੋਂ ਤੁਰਕੀ-ਸੀਰੀਆ ਸਮੇਤ ਚਾਰ ਦੇਸ਼ਾਂ ‘ਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ ਭਿਆਨਕ ਭੂਚਾਲ ਆਏ।

ਭਾਰਤ ਨੇ ਭੂਚਾਲ ਪ੍ਰਭਾਵਿਤ ਤੁਰਕੀ ਨੂੰ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਵੀ ਭੇਜੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੇ ਗਏ ਐਲਾਨ ਤੋਂ ਕੁਝ ਘੰਟਿਆਂ ਬਾਅਦ, ਭਾਰਤ ਨੇ ਭਾਰਤੀ ਹਵਾਈ ਸੈਨਾ ਦੇ ਇੱਕ ਜਹਾਜ਼ ਰਾਹੀਂ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਤੁਰਕੀ ਨੂੰ ਭੇਜੀ ਹੈ।

ਭਾਰਤ ਦੁਆਰਾ ਭੇਜੀ ਗਈ ਰਾਹਤ ਖੇਪ ਵਿੱਚ ਇੱਕ ਮਾਹਰ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਖੋਜ ਅਤੇ ਬਚਾਅ ਟੀਮ ਸ਼ਾਮਲ ਹੈ। ਇਸ ਵਿੱਚ ਮਹਿਲਾ ਅਤੇ ਪੁਰਸ਼ ਦੋਵੇਂ ਕਰਮਚਾਰੀ, ਉੱਚ ਕੁਸ਼ਲ ਡੋਗ ਸਕੂਐਡ, ਮੈਡੀਕਲ ਸਪਲਾਈ, ਉੱਨਤ ਡ੍ਰਿਲਿੰਗ ਉਪਕਰਣ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਹੋਰ ਜ਼ਰੂਰੀ ਉਪਕਰਣ ਸ਼ਾਮਲ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਜਾਣਕਾਰੀ ਦਿੱਤੀ।

ਤੁਰਕੀ (Turkey) ਨੇ ਭਾਰਤ ਵੱਲੋਂ ਭੇਜੀ ਗਈ ਤੁਰੰਤ ਮਦਦ ਲਈ ਧੰਨਵਾਦ ਕੀਤਾ ਹੈ। ਤੁਰਕੀ ਦੇ ਰਾਜਦੂਤ ਫ਼ਿਰਾਜ ਸੁਨੀਲ ਨੇ ਟਵਿੱਟਰ ‘ਤੇ ਲਿਖਿਆ, ‘ਦੋਸਤ’ ਤੁਰਕੀ ਅਤੇ ਹਿੰਦੀ ਵਿੱਚ ਇੱਕ ਸਾਂਝਾ ਸ਼ਬਦ ਹੈ… ਸਾਡੇ ਕੋਲ ਤੁਰਕੀ ਵਿੱਚ ਇੱਕ ਕਹਾਵਤ ਹੈ, “ਦੋਸਤ ਕਰਾ ਗੁੰਡੇ ਬੇਲੀ ਓਲੂਰ” (ਲੋੜ ਵਿੱਚ ਕੰਮ ਆਉਣ ਵਾਲਾ ਦੋਸਤ ਹੀ ਦੋਸਤ ਹੁੰਦਾ ਹੈ)। ਭਾਰਤ ਦਾ ਬਹੁਤ ਬਹੁਤ ਧੰਨਵਾਦ। ਇਸਦੇ ਨਾਲ ਹੀ ਚੀਨ ਨੇ ਤੁਰਕੀ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਵੀ ਕੀਤਾ ਹੈ। ਇਹ ਜਾਣਕਾਰੀ ਚੀਨ ਦੀ ਸਰਕਾਰ ਵੱਲੋਂ ਜਾਰੀ ਸੂਚਨਾ ਵਿੱਚ ਦਿੱਤੀ ਗਈ ਹੈ। ਚੀਨ ਦੀ ਸਰਕਾਰ ਨੇ ਵੀ ਭੂਚਾਲ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ।

Scroll to Top