ਚੰਡੀਗੜ੍ਹ, 28 ਨਵੰਬਰ 2023: (IND vs AUS T20) ਗਲੇਨ ਮੈਕਸਵੈੱਲ ਦੇ ਸੈਂਕੜੇ ਦੇ ਦਮ ‘ਤੇ ਆਸਟ੍ਰੇਲੀਆ ਨੇ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਟੀਮ ਨੇ 5 ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਵਾਪਸੀ ਕਰ ਲਈ ਹੈ। ਸੀਰੀਜ਼ ਦਾ ਚੌਥਾ ਮੈਚ 1 ਦਸੰਬਰ ਨੂੰ ਰਾਏਪੁਰ ‘ਚ ਖੇਡਿਆ ਜਾਵੇਗਾ।
ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਮੰਗਲਵਾਰ ਨੂੰ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 222 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 223 ਦੌੜਾਂ ਦਾ ਟੀਚਾ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਟੀਮ ਨੇ ਆਖਰੀ 2 ਓਵਰਾਂ ਵਿੱਚ 43 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਗਲੇਨ ਮੈਕਸਵੈੱਲ ਨੇ 48 ਗੇਂਦਾਂ ‘ਤੇ 104 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ 8 ਚੌਕੇ ਅਤੇ 8 ਛੱਕੇ ਲਗਾਏ। ਕਪਤਾਨ ਮੈਥਿਊ ਵੇਡ 16 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਅਜੇਤੂ ਰਹੇ। ਟ੍ਰੈਵਿਸ ਹੈੱਡ ਨੇ 18 ਗੇਂਦਾਂ ‘ਤੇ 35 ਦੌੜਾਂ ਬਣਾਈਆਂ। ਭਾਰਤ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ 57 ਗੇਂਦਾਂ ‘ਤੇ 123 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੇ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ।