July 8, 2024 3:17 am
ਚੰਡੀਗੜ੍ਹ-ਅੰਬਾਲਾ ਹਾਈਵੇ

ਆਸਟ੍ਰੇਲੀਆ: ਸੜਕ ਹਾਦਸੇ ‘ਚ 4 ਪੰਜਾਬੀਆਂ ਦੀ ਮੌਤ ਮਾਮਲੇ ‘ਚ ਕਾਰ ਚਾਲਕ ਖ਼ਿਲਾਫ਼ ਚੱਲੇਗਾ ਮੁਕੱਦਮਾ

ਚੰਡੀਗੜ੍ਹ 13 ਜਨਵਰੀ 2023: ਆਸਟ੍ਰੇਲੀਆ (Australia) ‘ਚ ਸੜਕ ਹਾਦਸੇ ‘ਚ ਪੰਜਾਬ ਨਾਲ ਸੰਬੰਧਿਤ 4 ਜਣਿਆ ਦੀ ਮੌਤ ਦੇ ਮਾਮਲੇ ‘ਚ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਚੱਲੇਗਾ। ਦੋਸ਼ੀ ਡਰਾਈਵਰ ਹਰਿੰਦਰ ਸਿੰਘ ਵੀ ਭਾਰਤੀ ਮੂਲ ਦਾ ਹੈ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਮੂਲ ਦੇ ਲੋਕ ਆਪਣੇ ਦੋਸਤ ਦੇ ਘਰ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਉਥੇ ਹੀ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਡਰਾਈਵਰ ਫਿਲਹਾਲ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੜਕ ਹਾਦਸੇ ਦੇ ਸਬੰਧ ਵਿੱਚ ਕਾਰ ਚਾਲਕ ਨੂੰ ਖਤਰਨਾਕ ਡਰਾਈਵਿੰਗ ਦੇ ਮਾਮਲੇ ਵਿੱਚ ਦੋਸ਼ੀ ਬਣਾਇਆ ਹੈ।

ਖ਼ਬਰ ਮੁਤਾਬਕ ਇਹ ਸੜਕ ਹਾਦਸਾ 4 ਜਨਵਰੀ ਨੂੰ ਉਸ ਸਮੇਂ ਵਾਪਰਿਆ, ਜਦੋਂ ਕਾਰ ਚਾਲਕ ਹਰਿੰਦਰ ਸਿੰਘ ਭਾਰਤੀ ਮੂਲ ਦੇ ਚਾਰ ਯਾਤਰੀਆਂ ਨੂੰ ਲੈ ਕੇ ਆਸਟ੍ਰੇਲੀਆ (Australia) ਦੇ ਵਿਕਟੋਰੀਆ ਸੂਬੇ ਦੇ ਸ਼ੈਪਰਟਨ ਸ਼ਹਿਰ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਟੋਇਟਾ ਕਾਰ ਟਰਾਲੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ ਚਾਰੇ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ੇਪਰਟਨ ਪੰਜਾਬੀ ਭਾਈਚਾਰੇ ਦੇ ਆਗੂ ਧਰਮ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਰ ਦਾ ਡਰਾਈਵਰ ਅਤੇ ਸਾਰੇ ਯਾਤਰੀ ਪੰਜਾਬੀ ਸਨ।

ਖਬਰਾਂ ਮੁਤਾਬਕ ਹਾਦਸੇ ‘ਚ ਮਾਰੇ ਗਏ ਚਾਰ ਲੋਕਾਂ ‘ਚੋਂ 3 ਟੱਕਰ ਹੁੰਦੇ ਹੀ ਕਾਰ ‘ਚੋਂ ਡਿੱਗ ਗਏ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਾਦਸੇ ਦੇ ਸਮੇਂ ਯਾਤਰੀਆਂ ਨੇ ਸੀਟ ਬੈਲਟ ਲਗਾਈ ਹੋਈ ਸੀ ਜਾਂ ਨਹੀਂ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਕਾਰ ਦਾ ਅਗਲਾ ਹਿੱਸਾ ਟਰੇਲਰ ਦੀ ਸਾਈਡ ਨਾਲ ਜਾ ਟਕਰਾਇਆ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਯਾਤਰੀ ਕਾਰ ਤੋਂ ਬਾਹਰ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਕਾਰ ਦੀ ਅਗਲੀ ਸੀਟ ‘ਤੇ ਬੈਠੇ ਚੌਥੇ ਨੌਜਵਾਨ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।