ਸਪੋਰਟਸ, 08 ਅਕਤੂਬਰ 2025: AUS W ਬਨਾਮ PAK W: ਮਹਿਲਾ ਵਨਡੇ ਵਿਸ਼ਵ ਕੱਪ 2025 ‘ਚ ਅੱਜ ਆਸਟ੍ਰੇਲੀਆ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ‘ਚ ਦੁਪਹਿਰ 3:00 ਵਜੇ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਦੁਪਹਿਰ 2:30 ਵਜੇ ਹੋਵੇਗਾ।
ਇਸ ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ ਇਹ ਤੀਜਾ ਮੈਚ ਹੋਵੇਗਾ। ਆਸਟ੍ਰੇਲੀਆ ਨੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 89 ਦੌੜਾਂ ਨਾਲ ਹਰਾਇਆ, ਜਦੋਂ ਕਿ ਸ਼੍ਰੀਲੰਕਾ ਵਿਰੁੱਧ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਦੌਰਾਨ ਪਾਕਿਸਤਾਨ ਟੀਮ ਆਪਣੇ ਪਿਛਲੇ ਦੋਵੇਂ ਮੈਚ ਹਾਰ ਚੁੱਕੀ ਹੈ, ਪਾਕਿਸਤਾਨ ਪਿਛਲੇ ਮੈਚ ਬੰਗਲਾਦੇਸ਼ ਅਤੇ ਭਾਰਤ ਤੋਂ ਹਾਰ ਗਈ ਸੀ।
ਆਸਟ੍ਰੇਲੀਆ ਤੇ ਪਾਕਿਸਤਾਨ ਹੈੱਡ ਟੂ ਹੈੱਡ
ਦੋਵਾਂ ਟੀਮਾਂ ਵਿਚਾਲੇ ਆਖਰੀ ਵਨਡੇ ਮੈਚ 2023 ‘ਚ ਖੇਡਿਆ ਗਿਆ ਸੀ, ਜਿਸ ਨੂੰ ਆਸਟ੍ਰੇਲੀਆ ਨੇ 101 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ। ਪਾਕਿਸਤਾਨ ਦੀ ਮਹਿਲਾ ਟੀਮ ਨੇ ਕਦੇ ਵੀ ਆਸਟ੍ਰੇਲੀਆ ਨੂੰ ਇੱਕ ਵਨਡੇ ‘ਚ ਨਹੀਂ ਹਰਾਇਆ। ਦੋਵਾਂ ਟੀਮਾਂ ਵਿਚਾਲੇ ਖੇਡੇ 16 ਮੈਚਾਂ ‘ਚੋਂ, ਆਸਟ੍ਰੇਲੀਆ ਨੇ ਸਾਰੇ ਜਿੱਤੇ ਹਨ।
ਸਾਰੀਆਂ ਨਜ਼ਰਾਂ ਆਸਟ੍ਰੇਲੀਆਈ ਟੀਮ ਤੋਂ ਐਸ਼ਲੇ ਗਾਰਡਨਰ ਅਤੇ ਐਨਾਬੇਲ ਸਦਰਲੈਂਡ ‘ਤੇ ਹੋਣਗੀਆਂ। ਗਾਰਡਨਰ ਨੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਵਿਰੁੱਧ ਸੈਂਕੜਾ ਲਗਾਇਆ। ਸੋਫੀ ਮੋਲੀਨੇਕਸ 3 ਵਿਕਟਾਂ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਹੈ।
ਕੋਲੰਬੋ ਦੀ ਪਿੱਚ ਰਿਪੋਰਟ
ਕੋਲੰਬੋ ਸਪਿਨਰਾਂ ਨੂੰ ਮਹੱਤਵਪੂਰਨ ਸਮਰਥਨ ਪ੍ਰਦਾਨ ਕਰਦਾ ਹੈ। ਹੁਣ ਤੱਕ, ਇੱਥੇ 23 ਮਹਿਲਾ ਵਨਡੇ ਮੈਚ ਖੇਡੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 13 ਜਿੱਤੇ ਹਨ ਅਤੇ ਪਿੱਛਾ ਕਰਨ ਵਾਲੀ ਟੀਮ ਨੇ 10 ਜਿੱਤੇ ਹਨ।
ਸਿਦਰਾ ਪਾਕਿਸਤਾਨ ਦੀ ਸਭ ਤੋਂ ਵੱਧ ਸਕੋਰਰ
ਪਾਕਿਸਤਾਨ ਦੀਆਂ ਸਿਦਰਾ ਅਮੀਨ ਅਤੇ ਡਾਇਨਾ ਬੇਗ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਸਿਦਰਾ ਟੂਰਨਾਮੈਂਟ ‘ਚ ਟੀਮ ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ, ਜਦੋਂ ਕਿ ਡਾਇਨਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
Read More: ਅਭਿਸ਼ੇਕ ਸ਼ਰਮਾ ਤੇ ਕੁਲਦੀਪ ਯਾਦਵ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ