ਸਪੋਰਟਸ, 23 ਜੁਲਾਈ 2025: AUS ਬਨਾਮ WI T-20: ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਲਗਾਤਾਰ ਦੂਜੇ ਟੀ-20 ‘ਚ ਹਰਾ ਦਿੱਤਾ ਹੈ। ਜਮੈਕਾ ਦੇ ਕਿੰਗਸਟਨ ਦੇ ਸਬੀਨਾ ਪਾਰਕ ‘ਚ ਖੇਡੇ ਗਏ ਮੈਚ ‘ਚ ਕੰਗਾਰੂਆਂ ਨੇ ਅੱਠ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਆਸਟ੍ਰੇਲੀਆ ਵੱਲੋਂ ਜੋਸ਼ ਇੰਗਲਿਸ ਅਤੇ ਕੈਮਰਨ ਗ੍ਰੀਨ ਨੇ ਤੂਫਾਨੀ ਪਾਰੀਆਂ ਖੇਡੀਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ। ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡ ਰਹੇ ਆਂਦਰੇ ਰਸਲ ਨੇ 15 ਗੇਂਦਾਂ ‘ਚ 36 ਦੌੜਾਂ ਬਣਾ ਕੇ ਟੀਮ ਦਾ ਸਕੋਰ 172 ਤੱਕ ਪਹੁੰਚਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਸਦੇ ਜਵਾਬ ‘ਚ ਆਸਟ੍ਰੇਲੀਆਈ ਟੀਮ ਨੇ 15.2 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇੰਗਲਿਸ 33 ਗੇਂਦਾਂ ‘ਚ ਸੱਤ ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 78 ਦੌੜਾਂ ਬਣਾ ਕੇ ਨਾਬਾਦ ਰਿਹਾ। ਜਵਾਬ ‘ਚ ਆਸਟ੍ਰੇਲੀਆ ਦੀ ਸ਼ੁਰੂਆਤ ਖਰਾਬ ਰਹੀ। ਗਲੇਨ ਮੈਕਸਵੈੱਲ 10 ਗੇਂਦਾਂ ‘ਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 12 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ ਅਤੇ ਕਪਤਾਨ ਮਿਸ਼ੇਲ ਮਾਰਸ਼ 17 ਗੇਂਦਾਂ ‘ਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 21 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ।
ਇਸ ਤੋਂ ਬਾਅਦ ਇੰਗਲਿਸ ਅਤੇ ਗ੍ਰੀਨ ਨੇ ਬਾਕੀ ਕੰਮ ਪੂਰਾ ਕੀਤਾ। ਦੋਵਾਂ ਨੇ ਤੀਜੀ ਵਿਕਟ ਲਈ 131 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਵੈਸਟਇੰਡੀਜ਼ ਵੱਲੋਂ ਹੋਲਡਰ ਅਤੇ ਜੋਸਫ਼ ਨੂੰ ਇੱਕ-ਇੱਕ ਵਿਕਟ ਮਿਲੀ।
ਇਸ ਦੇ ਨਾਲ ਹੀ ਕੈਮਰਨ ਗ੍ਰੀਨ ਨੇ 32 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 56 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇੰਗਲਿਸ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਆਸਟ੍ਰੇਲੀਆ ਨੇ ਪਹਿਲਾ ਟੀ-20 ਤਿੰਨ ਵਿਕਟਾਂ ਨਾਲ ਜਿੱਤਿਆ ਅਤੇ ਹੁਣ ਦੂਜਾ ਟੀ-20 ਜਿੱਤ ਕੇ, ਉਨ੍ਹਾਂ ਨੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ-20 26 ਜੁਲਾਈ ਨੂੰ ਸੇਂਟ ਕਿਟਸ ‘ਚ ਖੇਡਿਆ ਜਾਵੇਗਾ। ਇਸ ਮੈਚ ‘ਚ ਆਸਟ੍ਰੇਲੀਆ ਲਈ ਗਲੇਨ ਮੈਕਸਵੈੱਲ ਓਪਨਿੰਗ ਕਰਨ ਆਏ ਸਨ, ਪਰ ਉਹ ਅਸਫਲ ਰਹੇ।
Read More: AUS ਬਨਾਮ WI: ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਪਹਿਲੇ ਟੀ-20 ‘ਚ 3 ਵਿਕਟਾਂ ਨਾਲ ਹਰਾਇਆ