ਚੰਡੀਗੜ੍ਹ, 29 ਜਨਵਰੀ 2025: AUS VS SL Test Live: ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੀ ਆਖਰੀ ਸੀਰੀਜ਼ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਚਕਾਰ ਖੇਡੀ ਜਾ ਰਹੀ ਹੈ | ਇਹ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ 29 ਜਨਵਰੀ ਤੋਂ ਸ਼੍ਰੀਲੰਕਾ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੀ ਜਾਵੇਗੀ। ਪੈਟ ਕਮਿੰਸ ਦੀ ਗੈਰ-ਹਾਜ਼ਰੀ ਵਿੱਚ ਸਟੀਵ ਸਮਿਥ (Steve Smith) ਸ਼੍ਰੀਲੰਕਾ ਵਿਰੁੱਧ ਟੈਸਟ ਲੜੀ ‘ਚ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਹਨ। ਦੋਵੇਂ ਟੈਸਟ ਮੈਚ ਗਾਲੇ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਜਾਣਗੇ। ਪਹਿਲੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਹੈ |
ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਦੌਰੇ ‘ਤੇ ਗਾਲੇ ‘ਚ ਆਪਣੇ ਪਹਿਲੇ ਸਕੋਰਿੰਗ ਸ਼ਾਟ ਨਾਲ 10,000 ਟੈਸਟ ਦੌੜਾਂ ਪੂਰੀਆਂ ਕੀਤੀਆਂ। ਸਮਿਥ ਨੇ ਆਪਣੀ 205ਵੀਂ ਟੈਸਟ ਪਾਰੀ ‘ਚ ਸ਼੍ਰੀਲੰਕਾ ਦੇ ਖੱਬੇ ਹੱਥ ਦੇ ਸਪਿਨਰ ਪ੍ਰਭਾਤ ਜੈਸੂਰੀਆ ਦੀ ਗੇਂਦ ‘ਤੇ ਮਿਡ-ਆਨ ਵੱਲ ਇੱਕ ਸਿੰਗਲ ਮਾਰ ਕੇ ਇਹ ਇਤਿਹਾਸਕ ਉਪਲਬੱਧੀ ਹਾਸਲ ਕੀਤੀ ਹੈ।
ਸਮਿਥ (Steve Smith) ਸਭ ਤੋਂ ਤੇਜ਼ 10,000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਪੰਜਵਾਂ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਨਾਲ ਉਹ 10,000 ਤੋਂ ਵੱਧ ਦੌੜਾਂ ਬਣਾਉਣ ਵਾਲਾ 15ਵਾਂ ਬੱਲੇਬਾਜ਼ ਵੀ ਬਣ ਗਿਆ ਹੈ।
ਆਸਟ੍ਰੇਲੀਆਈ ਖਿਡਾਰੀਆਂ ਵਿੱਚੋਂ, ਸਿਰਫ਼ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਹੀ ਇਹ ਉਪਲਬਧੀ ਸਮਿਥ ਤੋਂ ਵੱਧ ਤੇਜ਼ੀ ਨਾਲ ਹਾਸਲ ਕੀਤੀ ਹੈ, ਜਿਨ੍ਹਾਂ ਨੇ ਸਿਰਫ਼ 196 ਪਾਰੀਆਂ ‘ਚ 10,000 ਦੌੜਾਂ ਬਣਾਈਆਂ ਸਨ। ਜਦੋਂ ਕਿ ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ ਅਤੇ ਕੁਮਾਰ ਸੰਗਾਕਾਰਾ ਨੇ ਇਹ ਉਪਲਬਧੀ ਘੱਟੋ-ਘੱਟ 195 ਪਾਰੀਆਂ ‘ਚ ਹਾਸਲ ਕੀਤੀ, ਜੋ ਕਿ ਹੁਣ ਤੱਕ ਦਾ ਸਭ ਤੋਂ ਤੇਜ਼ ਰਿਕਾਰਡ ਹੈ।
ਸਟੀਵ ਸਮਿਥ ਨੇ ਰਾਹੁਲ ਦ੍ਰਾਵਿੜ ਦੇ 206 ਪਾਰੀਆਂ ‘ਚ 10,000 ਦੌੜਾਂ ਬਣਾਉਣ ਦੇ ਰਿਕਾਰਡ ਨੂੰ ਹਾਸਲ ਕੀਤਾ ਹੈ, ਸਮਿਥ ਨੇ 115 ਟੈਸਟ ਮੈਚਾਂ ਦੀਆਂ 205 ਪਾਰੀਆਂ ‘ਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ।
ਸਭ ਤੋਂ ਤੇਜ਼ 10,000 ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼
195 ਪਾਰੀਆਂ – ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਕੁਮਾਰ ਸੰਗਾਕਾਰਾ
196 ਪਾਰੀਆਂ – ਰਿੱਕੀ ਪੋਂਟਿੰਗ
205 ਪਾਰੀਆਂ – ਸਟੀਵ ਸਮਿਥ
206 ਪਾਰੀਆਂ – ਰਾਹੁਲ ਦ੍ਰਾਵਿੜ