ਸਪੋਰਟਸ, 05 ਜਨਵਰੀ 2026: AUS ਬਨਾਮ ENG Ashes: ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ 2025-26 ਐਸ਼ੇਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਸੋਮਵਾਰ ਨੂੰ ਮੈਚ ਦਾ ਦੂਜਾ ਦਿਨ ਹੈ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਇਸ ਮੈਚ ‘ਚ ਆਪਣਾ 41ਵਾਂ ਟੈਸਟ ਸੈਂਕੜਾ ਲਗਾਇਆ। ਉਨ੍ਹਾਂ ਨੇ 242 ਗੇਂਦਾਂ ‘ਤੇ 160 ਦੌੜਾਂ ਬਣਾਈਆਂ।
ਸਿਡਨੀ ਟੈਸਟ ਦੇ ਪਹਿਲੇ ਦਿਨ ਮੀਂਹ ਅਤੇ ਮਾੜੀ ਰੌਸ਼ਨੀ ਕਾਰਨ ਸਿਰਫ਼ 45 ਓਵਰਾਂ ਦੀ ਖੇਡ ਸੰਭਵ ਹੋ ਸਕੀ। ਰੂਟ ਪਹਿਲੇ ਦਿਨ 72 ਦੌੜਾਂ ‘ਤੇ ਨਾਬਾਦ ਰਿਹਾ। ਦੂਜੇ ਦਿਨ ਉਨ੍ਹਾਂ ਨੇ 146 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਇਸ ਐਸ਼ੇਜ਼ ਸੀਰੀਜ਼ ‘ਚ ਰੂਟ ਦਾ ਦੂਜਾ ਸੈਂਕੜਾ ਹੈ।
ਇਸ ਸੈਂਕੜੇ ਦੇ ਨਾਲ, ਰੂਟ ਨੇ ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਦੀ ਬਰਾਬਰੀ ਕੀਤੀ। ਦੋਵਾਂ ਦੇ ਹੁਣ 41-41 ਟੈਸਟ ਸੈਂਕੜੇ ਹਨ। ਰੂਟ ਨੇ ਇਹ ਕਾਰਨਾਮਾ ਆਪਣੇ 163ਵੇਂ ਟੈਸਟ ‘ਚ ਕੀਤਾ, ਜਦੋਂ ਕਿ ਪੋਂਟਿੰਗ ਨੇ 168 ਟੈਸਟ ਮੈਚ ਖੇਡੇ। ਇਸ ਸੂਚੀ ‘ਚ ਰੂਟ ਤੋਂ ਸਿਰਫ਼ ਦੋ ਬੱਲੇਬਾਜ਼ ਅੱਗੇ ਹਨ: ਸਚਿਨ ਤੇਂਦੁਲਕਰ (51 ਸੈਂਕੜੇ) ਅਤੇ ਜੈਕ ਕੈਲਿਸ (45 ਸੈਂਕੜੇ)। ਇੰਗਲੈਂਡ ਨੇ ਦੂਜੇ ਦਿਨ 211/3 ਤੋਂ ਖੇਡ ਸ਼ੁਰੂ ਕੀਤੀ। ਟੀਮ ਪਹਿਲੀ ਪਾਰੀ ‘ਚ 384 ਦੌੜਾਂ ‘ਤੇ ਆਲ ਆਊਟ ਹੋ ਗਈ।
ਰੂਟ 2021 ਤੋਂ ਬਾਅਦ ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸਭ ਤੋਂ ਅੱਗੇ ਹੈ। ਰੂਟ ਨੇ ਇਸ ਸਮੇਂ ਦੌਰਾਨ ਹੁਣ ਤੱਕ 24 ਟੈਸਟ ਸੈਂਕੜੇ ਲਗਾਏ ਹਨ। ਉਨ੍ਹਾਂ ਤੋਂ ਬਾਅਦ ਸਟੀਵ ਸਮਿਥ, ਕੇਨ ਵਿਲੀਅਮਸਨ, ਹੈਰੀ ਬਰੂਕ ਅਤੇ ਸ਼ੁਭਮਨ ਗਿੱਲ ਹਨ, ਜੋ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਹਨ। ਇਨ੍ਹਾਂ ਸਾਰੇ ਬੱਲੇਬਾਜ਼ਾਂ ਨੇ 2021 ਤੋਂ ਟੈਸਟ ਕ੍ਰਿਕਟ ਵਿੱਚ 10-10 ਸੈਂਕੜੇ ਲਗਾਏ ਹਨ।
Read More: AUS ਬਨਾਮ ENG: ਇੰਗਲੈਂਡ ਨੇ ਐਸ਼ੇਜ਼ ਸੀਰੀਜ਼ ਦੇ ਚੌਥੇ ਟੈਸਟ ‘ਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ




