ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ
ਸਰਕਾਰ ਰਣਜੀਤ ਸਿੰਘ ਜੀ ਦੇ ਅਹਿਲਕਾਰ ਬਾਬਾ ਨੌਧ ਸਿੰਘ ਜੀ ਆਪਣੀ ਨੌਕਰੀ ਛੱਡ ਕੇ ਆਪਣੇ ਪਿੰਡ ਪਿੱਥੋ (ਰਿਆਸਤ ਨਾਭਾ) ਵਾਪਸ ਆ ਗਏ ਸਨ ।ਉਹ ਪਿੰਡ ਦੇ ਚੌਧਰੀ ਸਨ । ਇਹਨਾਂ ਦਾ ਪੁਤਰ ਸਰੂਪ ਬਾਬਾ ਅਜਾਪਾਲ ਸਿੰਘ ਦਾ ਸ਼ਰਧਾਲੂ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਅਸਥਾਨ ਦਾ ਮਹੰਤ ਬਣਿਆ।ਇਹ ਬਹੁਤ ਗੁਰਮੁਖ ਸਨ। ਅਗਾਂਹ ਇਹਨਾਂ ਦਾ ਪੁਤਰ ਗੁਰਦਿਆਲ ਸਿੰਘ ਸੀ । ਇਹਨਾਂ ਨੇ ਮਹੰਤੀ ਆਪਣੇ ਪੋਤਰੇ ਬਾਬਾ ਨਰਾਇਣ ਸਿੰਘ ਨੂੰ ਦਿੱਤੀ। ਇਹ ਬਹੁਤ ਭਜਨੀਕ ਸਨ। ਇਹਨਾਂ ਇਕੋ ਚੌਂਕੜੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਪਾਠ ਕੀਤੇ ਹੋਏ ਸਨ। ਰਾਜਾ ਹੀਰਾ ਸਿੰਘ ਇਹਨਾਂ ਦਾ ਬਹੁਤ ਵੱਡਾ ਸ਼ਰਧਾਲੂ ਸੀ।
ਬਾਬਾ ਨਰਾਇਣ ਸਿੰਘ ਦੇ ਸਪੁੱਤਰ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈਸਵੀ ਨੂੰ ਬੇਬੇ ਹਰਿ ਕੌਰ ਦੀ ਕੁੱਖੋਂ, ਆਪਣੇ ਨਾਨਕੇ ਪਿੰਡ ਛੋਟੇ ਬਨੇਰੇ (ਜਿਸਨੂੰ ਸਬਜ ਬਨੇਰਾ ਵੀ ਕਹਿੰਦੇ ਸਨ, ਰਿਆਸਤ ਨਾਭਾ) ਵਿਖੇ ਹੋਇਆ। ਇਹਚਾਰ ਭੈਣ ਭਾਈਆਂ ਵਿਚੋਂ ਵੱਡੇ ਸਨ , ਇਹਨਾਂ ਤੋਂ ਬਾਅਦ ਕਾਨ੍ਹ ਕੌਰ , ਭਾਈ ਮੀਹਾਂ ਸਿੰਘ ਅਤੇ ਬਾਬਾ ਬਿਸ਼ਨ ਸਿੰਘ ਪੈਦਾ ਹੋਏ।
ਸ਼ੁਰੂਆਤੀ ਵਿੱਦਿਆ ਬਾਬਾ ਨਰਾਇਣ ਸਿੰਘ ਨੇ ਆਪਣੀ ਸਰਪ੍ਰਸਤੀ ਥੱਲੇ ਖੁਦ ਦਿੱਤੀ। ਪਿਤਾ ਜੀ ਤੋਂ ਬਾਅਦ ਆਪ ਦੇ ਪਹਿਲੇ ਉਸਤਾਦ ਭਾਈ ਭੂਪ ਸਿੰਘ ਜੀ ਸਨ। 9 ਸਾਲ ਦੀ ਉਮਰ ਵਿੱਚ ਆਪ ਅਖੰਡ ਪਾਠੀ ਬਣ ਗਏ। ਇਸਤੋਂ ਬਾਅਦ ਸੰਸਕ੍ਰਿਤ ਸਿੱਖਣ ਲਈ ਬਾਬਾ ਕਲਿਆਣ ਦਾਸ ਕੋਲ ਪਹੁੰਚ ਗਏ। ਫਿਰ ਪੰਡਿਤ ਸ੍ਰੀ ਧਰ , ਪੰਡਿਤ ਬੰਸੀ ਧਰ, ਭਾਈ ਵੀਰ ਸਿੰਘ ਜਲਾਲਕੇ, ਭਾਈ ਰਾਮ ਸਿੰਘ, ਬਾਵਾ ਪਰਮਾਨੰਦ ਆਦਿ ਉਸਤਾਦਾਂ ਪਾਸੋਂ ਵਿਆਕਰਣ, ਨਿਯਾਏ, ਸਾਹਿਤ ਅਤੇ ਵੇਦਾਂਤ ਪੜਿਆ।
ਭਾਈ ਭਗਵਾਨ ਸਿੰਘ ਦੁੱਗ ਪਾਸੋਂ ਹਿੰਦੀ ਕਵਿਤਾ ਰਚਣ ਦਾ ਹੁਨਰ ਸਿਖਿਆ। ਮਹੰਤ ਗਜਾ ਸਿੰਘ ਪਾਸੋਂ ਸੰਗੀਤ ਵਿਦਿਆ ਹਾਸਲ ਕੀਤੀ । ਫ਼ਾਰਸੀ ਅਤੇ ਅੰਗਰੇਜ਼ੀ ਸਿੱਖਣ ਦੀ ਤਲਬ ਵਿਚ ਪਿਤਾ ਦੀ ਵਿਰੋਧਤਾ ਦੇ ਬਾਵਜੂਦ ਆਪ ਘਰ ਛੱਡ ਦਿੱਲੀ ਪਹੁੰਚ ਗਏ। ਦਿੱਲੀ ਫ਼ਾਰਸੀ ਸਿੱਖੀ । 1883 ਵਿੱਚ ਲਾਹੌਰ ਆ ਗਏ;ਜਿਥੇ ਭਾਈ ਸੰਤ ਸਿੰਘ ਡੇਹਰਾ ਸਾਹਿਬ ਵਾਲਿਆਂ ਪਾਸੋਂ ਜ਼ਫ਼ਰਨਾਮਾ, ਜ਼ਿੰਦਗੀਨਾਮਾ, ਦੀਵਾਨ ਗੋਯਾ ਆਦਿ ਲਿਖਤਾਂ ਅਰਥਾਂ ਸਮੇਤ ਪੜੀਆਂ। ਅੰਗਰੇਜ਼ੀ ਆਪ ਨੇ ਬਹੁਤਾਤ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਜੀ (ਪੰਥ ਰਤਨ) ਪਾਸੋਂ ਸਿੱਖੀ।
ਆਪ ਦਾ ਵਿਆਹ ਚੌਵੀ ਕੁ ਸਾਲ ਦੀ ਉਮਰ ਵਿੱਚ ਹੋਇਆ ਪਰ ਤਪਦਿਕ ਦੀ ਬਿਮਾਰੀ ਕਰਕੇ ਬੀਬੀ ਚੜਾਈ ਕਰ ਗਈ। ਦੂਜਾ ਵਿਆਹ ਜੋ ਮੁਕਤਸਰ ਹੋਇਆ; ਉਹ ਬੀਬੀ ਵੀ ਵਿਆਹ ਤੋਂ ਪਿੱਛੋਂ ਜਲਦੀ ਚੜਾਈ ਕਰ ਗਈ।ਫਿਰ ਤੀਜਾ ਵਿਆਹ ਬੀਬੀ ਬਸੰਤ ਕੌਰ ਨਾਲ ਹੋਇਆ; ਜਿਨ੍ਹਾਂ ਦੀ ਕੁੱਖੋਂ ਇਕਲੌਤਾ ਭੁਝੰਗੀ ਭਗਵੰਤ ਸਿੰਘ ਹਰੀ (ਇਹ ਪਿਤਾ ਵਾਂਗ ਵਿਦਵਾਨ ਸੱਜਣ ਸਨ) 15 ਫਰਵਰੀ 1892 ਈਸਵੀ ਨੂੰ ਪੈਦਾ ਹੋਇਆ।
1885 ਈਸਵੀ ਵਿੱਚ ਭਾਈ ਸਾਬ੍ਹ ਨਾਭਾ ਰਿਆਸਤ ਦੀ ਮੁਲਾਜ਼ਮਤ ਵਿਚ ਆ ਗਏ ਅਤੇ 1887 ਈਸਵੀ ਵਿੱਚ ਟਿੱਕਾ ਰਿਪੁਦਮਨ ਸਿੰਘ ਦੇ ਉਸਤਾਦ ਬਣ ਗਏ। 1893 ਵਿੱਚ ਭਾਈ ਜੀ , ਮਹਾਰਾਜਾ ਨਾਭਾ ਦੇ ਪ੍ਰਾਈਵੇਟ ਸਕੱਤਰ ਬਣ ਗਏ।ਆਪ ਸਿਟੀ ਮੈਜਿਸਟਰੇਟ ਨਹਿਰ ਨਾਜ਼ਮ , ਨਾਜ਼ਮ ਧਨੌਲਾ, ਨਾਜ਼ਮ ਫੂਲ ਵੀ ਰਹੇ। 1902 ਵਿੱਚ ਅੰਗਰੇਜ਼ੀ ਸਰਕਾਰ ਪਾਸ ਨਾਭਾ ਰਿਆਸਤ ਦੇ ਵਕੀਲ ਬਣਕੇ ਵੀ ਗਏ,ਇਕ ਕੇਸ ਦੇ ਮੁਤੱਲਕ। ਆਪ ਨਾਭਾ ਰਿਆਸਤ ਦੇ ਮੀਰ ਮੁਨਸ਼ੀ ਬਣੇ। ਮਹਾਰਾਜਾ ਰਿਪੁਦਮਨ ਸਿੰਘ ਦੇ ਗੱਦੀ ਸੰਭਾਲਦਿਆਂ ਆਪ ਨੂੰ ਨਾਭਾ ਹਾਈਕੋਰਟ ਦਾ ਜੱਜ ਬਣਾਇਆ ਗਿਆ। ਕੁਝ ਸਮੇਂ ਲਈ ਪਟਿਆਲਾ ਰਿਆਸਤ ਵਿੱਚ ਵੀ ਨੌਕਰੀ ਕੀਤੀ ਪਰ ਮੁੜ ਫਿਰ ਤੋਂ ਨਾਭੇ ਆ ਗਏ। ਆਪ ਰਿਆਸਤ ਦੇ ਵਜ਼ੀਰ ਖਾਸ ਦੇ ਅਹੁਦੇ ਤੇ ਮਕੱਰਰ ਕੀਤੇ ਗਏ।
ਭਾਈ ਕਾਨ੍ਹ ਸਿੰਘ ਨਾਭਾ ਸਿੰਘ ਸਭਾ ਭਸੌੜ ਅਤੇ ਲਾਹੌਰ ਦੀ ਸਿੰਘ ਸਭਾ ਦੇ ਰੁਕਨ ਸਨ । ਪੰਥ ਵਿੱਚ ਇਹਨਾਂ ਦੀ ਵੱਡੀ ਪਹਿਚਾਣ ” ਹਮ ਹਿੰਦੂ ਨਹੀਂ” ਰਚਨਾ ਦੁਆਰਾ ਸਥਾਪਿਤ ਹੋਈ ਜੋ ੧੮੯੮ ਵਿੱਚ ਲਿਖੀ ਗਈ। ਇਸ ਤੇ ਆਪ ਨੇ ਆਪਣਾ ਕਵੀ ਨਾਮ ਐਚ .ਬੀ ਲਿਖਿਆ ਸੀ (ਜਿਸਦਾ ਮਤਲਬ ਸੀ ਹਰਿ ਬ੍ਰਿਜੇਸ਼) ਨ ਕਿ ਕਾਨ੍ਹ ਸਿੰਘ। ਇਸ ਕਿਤਾਬ ਨੇ ਆਰੀਆ ਸਮਾਜੀਆਂ ਨੂੰ ਅੱਜ ਤੱਕ ਗਧੀ ਗੇੜ ਵਿੱਚ ਪਾਇਆ ਹੋਇਆ ਹੈ। ਮੈਕਾਲਿਫ਼ ਪਾਸੋਂ ਸਿੱਖ ਇਤਿਹਾਸ ਲਿਖਵਾਉਣ, ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਮੂਰਤੀਆਂ ਚੁਕਵਾਉਣ, ਖਾਲਸਾ ਕਾਲਜ ਦੀ ਚੜਦੀਕਲਾ ਲਈ ਕਾਰਜ, ਰਕਾਬ ਗੰਜ ਗੁਰਦੁਆਰੇ ਦੀ ਕੰਧ ਦੀ ਮੁੜ ਉਸਾਰੀ, ਗੁਰਦੁਆਰਾ ਨਾਂਦੇੜ ਸਾਹਿਬ ਦੇ ਝਗੜੇ ਵਕਤ ਆਪ ਨੇ ਬਹੁਤ ਹੀ ਇਤਿਹਾਸਕ ਭੂਮਿਕਾ ਨਿਭਾਈ।
ਭਾਈ ਕਾਨ੍ਹ ਸਿੰਘ ਦਾ ਰਚਨਾ ਸੰਸਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਆਇ(1883-84 ਈ.)
ਰਾਜ ਧਰਮ ਦੋ ਭਾਗ(1884ਪਹਿਲਾ ਭਾਗ,1887ਦੂਜਾ ਭਾਗ)
ਨਾਟਕ ਭਾਵਾਰਥ ਦੀਪਿਕਾ(1888 ਈ.)
ਜੈਮਨੀ ਅਸਵਮੇਧ(1890 ਈ.)
ਸ਼ਰਾਬ ਪਰ ਵਾਖਯਾਨ (1895 ਈ.)
ਹਮ ਹਿੰਦੂ ਨਹੀ ( ਪਹਿਲਾਂ ਹਿੰਦੀ ਫਿਰ ਪੰਜਾਬੀ 1898ਈ.)
ਗੁਰਮਤ ਪ੍ਰਭਾਕਰ(1898ਈ.),ਗੁਰਮਤ ਸੁਧਾਕਰ (1899ਈ.)
ਸਮਸਯਾ ਪੂਰਤੀ (1898ਈ.),ਗੁਰ ਗਿਰਾ ਕਸੌਟੀ ਸਾਰ (ਅਪ੍ਰਕਾਸ਼ਿਤ),ਬ੍ਰਿਜ ਸਵਾਮ ਧਰਮ (1901),ਟੀਕਾ ਵਿਸ਼ਣੂ ਪੁਰਾਣ (1902),ਪਹਾੜ ਯਾਤਰਾ,ਸ਼ਰਾਬ ਨਿਸ਼ੇਧ (1907),
ਘਰ ਦੀ ਜੁਗਤ ,ਵਲਾਇਤ ਯਾਤਰਾ (ਸਫ਼ਰਨਾਮੇ)
ਜੋਤਿਸ਼ ਗ੍ਰੰਥ ਤਾਰਾ ਵਿਗਿਆਨ ,ਦੋ ਬਾਰਾਂ ਮਾਹੇ, ਸੱਦ ਪਰਮਾਰਥ
ਗੁਰ ਛੰਦ ਦਿਵਾਕਰ(1924),ਗੁਰੂ ਸ਼ਬਦਾਲੰਕਾਰ (1924)
ਅਨੇਕਾਰਥ ਕੋਸ਼ (1925),ਰੂਪ ਦੀਪ ਪਿੰਗਲ(1925)
ਠੱਗ ਲੀਲ੍ਹਾ (1927),ਉਕਤ ਬਿਲਾਸ(1927),ਇਤਿਹਾਸ ਬਾਗੜੀਆਂ (1928),ਜੀਵਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਗੁਰ ਸ਼ਬਦ ਰਤਨਾਕਰ (ਮਹਾਨ ਕੋਸ਼) (1930)
ਪ੍ਰਧਾਨਗੀ ਐਡਰੈੱਸ (1931),ਚੰਡੀ ਦੀ ਵਾਰ (1935),ਨਾਮ ਮਾਲਾ ਕੋਸ਼(1939),ਗੁਰਮਤ ਮਾਰਤੰਡ (1962),ਗੁਰੂ ਮਹਿਮਾ
ਇਸਤੋਂ ਬਿਨਾਂ ਅਣਛਪਿਆ ਬਹੁਤ ਕੁਝ ਸੀ । ਬੇਅੰਤ ਅਖ਼ਬਾਰ ਤੇ ਰਸਾਲਿਆਂ ਵਿਚ ਇਹਨਾਂ ਦੇ ਲੇਖ ਛਪੇ।ਰਹਿਤ ਮਰਿਆਦਾ ਬਣਾਉਣ ਵਿੱਚ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਭਾਈ ਸਾਹਿਬ ਸਾਰੀ ਉਮਰ ਪੰਥ ਸੇਵਕ ਰੂਪ ਵਿੱਚ ਵਿਚਰੇ।
ਆਪ ਸਭ ਨੂੰ ਭਾਈ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਵਣ।