June 23, 2024 8:47 am
Women wrestler

ਬ੍ਰਿਜ ਭੂਸ਼ਣ ਖ਼ਿਲਾਫ਼ 4 ਪਹਿਲਵਾਨ ਬੀਬੀਆਂ ਨੇ ਦਿੱਤੇ ਆਡੀਓ-ਵੀਡੀਓ ਸਬੂਤ, ਦਿੱਲੀ ਪੁਲਿਸ ਨੇ ਕਿਹਾ- ਸਬੂਤ ਕਾਫੀ ਨਹੀਂ

ਨਵੀਂ ਦਿੱਲੀ, 13 ਜੂਨ 2023( ਦਵਿੰਦਰ ਸਿੰਘ): ਪਹਿਲਵਾਨ ਬੀਬੀਆਂ (Women wrestler) ਜਿਨ੍ਹਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਸਾਹ ਦੀ ਜਾਂਚ ਦੇ ਬਹਾਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ, ਇਸ ਵਿੱਚ ਦਿੱਲੀ ਪੁਲਿਸ ਨੇ ਸਬੂਤ ਵਜੋਂ ਫੋਟੋਆਂ, ਆਡੀਓ ਅਤੇ ਵੀਡੀਓ ਪੇਸ਼ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚਾਰ ਮਹਿਲਾ ਪਹਿਲਵਾਨਾਂ ਨੇ ਸਬੂਤ ਪੇਸ਼ ਕੀਤੇ ਹਨ, ਫਿਰ ਵੀ ਇਹ ਸਾਰੇ ਸਬੂਤ ਜਿਨਸੀ ਸ਼ੋਸ਼ਣ ਨੂੰ ਸਾਬਤ ਕਰਨ ਲਈ ਕਾਫੀ ਨਹੀਂ ਹਨ।

ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ 6 ਪਹਿਲਵਾਨ ਬੀਬੀਆਂ (Women wrestler)  ਨੂੰ ਆਡੀਓ-ਵਿਜ਼ੂਅਲ ਸਬੂਤ ਦੇਣ ਲਈ ਕਿਹਾ ਗਿਆ ਸੀ, ਉਨ੍ਹਾਂ ‘ਚੋਂ 4 ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸਦੇ ਲਈ ਆਡੀਓ ਅਤੇ ਵਿਜ਼ੂਅਲ ਸਬੂਤ ਪ੍ਰਦਾਨ ਕੀਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਪਹਿਲੀ ਘਟਨਾ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਨੇ ਸਬੂਤ ਦੇ ਦਿੱਤੇ ਹਨ, ਪਰ ਉਹ ਸਬੂਤ ਐਨੇ ਮਜ਼ਬੂਤ ਨਹੀਂ ਹਨ ਕਿ ਬ੍ਰਿਜ ਭੂਸ਼ਣ ‘ਤੇ ਲੱਗੇ ਦੋਸ਼ਾਂ ਦਾ ਸਮਰਥਨ ਕਰ ਸਕਣ। ਦਿੱਲੀ ਪੁਲਿਸ ਨੇ ਅੱਗੇ ਕਿਹਾ- ਅਸੀਂ ਸ਼ਿਕਾਇਤਕਰਤਾਵਾਂ ਨੂੰ ਕਥਿਤ ਘਟਨਾਵਾਂ ਦੀਆਂ ਸਾਰੀਆਂ ਤਾਰੀਖ਼ਾਂ ਅਤੇ ਸਮੇਂ ਦੇ ਵੇਰਵੇ ਦੇਣ ਲਈ ਕਿਹਾ ਸੀ। ਉਸ ਨੂੰ ਆਪਣੇ ਰੂਮਮੇਟਸ ਅਤੇ ਉਨ੍ਹਾਂ ਹੋਟਲਾਂ ਦੇ ਵੇਰਵੇ ਦੇਣ ਲਈ ਵੀ ਕਿਹਾ ਗਿਆ ਸੀ ਜਿੱਥੇ ਵਿਦੇਸ਼ੀ ਟੂਰਨਾਮੈਂਟ ਦੌਰਾਨ ਕਥਿਤ ਜਿਨਸੀ ਸ਼ੋਸ਼ਣ ਹੋਇਆ ਸੀ।

ਇਸੇ ਦੌਰਾਨ ਸੋਮਵਾਰ ਸ਼ਾਮ ਨੂੰ ਖ਼ਬਰ ਆਈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 4 ਜੁਲਾਈ ਨੂੰ ਹੋਣਗੀਆਂ। ਜੰਮੂ-ਕਸ਼ਮੀਰ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮਹੇਸ਼ ਮਿੱਤਲ ਕੁਮਾਰ ਨੂੰ ਚੋਣਾਂ ਲਈ ਰਿਟਰਨਿੰਗ ਅਫ਼ਸਰ (ਆਰ.ਓ.) ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਵਾਨਾਂ  ਨਾਲ ਮੀਟਿੰਗ ਦੌਰਾਨ ਖੇਡ ਮੰਤਰੀ ਨੇ 30 ਜੂਨ ਤੱਕ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹ ਚੋਣ ਨਹੀਂ ਲੜ ਸਕਣਗੇ। ਉਹ ਲਗਾਤਾਰ ਤਿੰਨ ਵਾਰ ਫੈਡਰੇਸ਼ਨ ਦੇ ਪ੍ਰਧਾਨ ਰਹੇ ਹਨ, ਇਸ ਲਈ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਉਹ ਹੁਣ ਕਿਸੇ ਵੀ ਅਹੁਦੇ ਲਈ ਚੋਣ ਨਹੀਂ ਲੜ ਸਕਦੇ।