July 2, 2024 10:13 pm
Congress

ਕਾਂਗਰਸੀ ਆਗੂਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਰਾਸ਼ਟਰੀ ਸੰਮੇਲਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼: CM ਭੁਪੇਸ਼ ਬਘੇਲ

ਚੰਡੀਗੜ੍ਹ, 20 ਫਰਵਰੀ 2023: ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕਰਦਿਆਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਨਵਾਂ ਰਾਏਪੁਰ ‘ਚ 24 ਤੋਂ 26 ਫਰਵਰੀ ਤੱਕ ਹੋਣ ਵਾਲੇ ਕਾਂਗਰਸ (Congress) ਦੇ 85ਵੇਂ ਰਾਸ਼ਟਰੀ ਸੰਮੇਲਨ ਤੋਂ ਪਹਿਲਾਂ ਸੂਬੇ ਦੇ 12 ਤੋਂ ਵੱਧ ਕਾਂਗਰਸੀ ਨੇਤਾਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ।

ਈਡੀ ਦੀ ਇਸ ਛਾਪਾਮਾਰੀ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਭਖ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਇੱਕ ਦੂਜੇ ‘ਤੇ ਹਮਲੇ ਕਰ ਰਹੇ ਹਨ। ਕਾਂਗਰਸ ਅਤੇ ਭਾਜਪਾ ਇੱਕ ਦੂਜੇ ‘ਤੇ ਤਿੱਖੇ ਹਮਲੇ ਕਰ ਰਹੇ ਹਨ। ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਈਡੀ ਦੇ ਛਾਪੇ ਨੂੰ ਲੈ ਕੇ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ।

ਉਨ੍ਹਾਂ ਟਵੀਟ ਕੀਤਾ ਕਿ ‘ਅੱਜ ਈਡੀ ਨੇ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ (Congress) ਕਮੇਟੀ ਦੇ ਖਜ਼ਾਨਚੀ, ਪਾਰਟੀ ਦੇ ਸਾਬਕਾ ਉਪ ਪ੍ਰਧਾਨ ਅਤੇ ਇੱਕ ਵਿਧਾਇਕ ਸਮੇਤ ਮੇਰੇ ਕਈ ਸਹਿਯੋਗੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਚਾਰ ਦਿਨਾਂ ਬਾਅਦ ਰਾਏਪੁਰ ਵਿੱਚ ਕਾਂਗਰਸ ਦਾ ਸੰਮੇਲਨ ਹੈ। ਇਸ ਤਰ੍ਹਾਂ ਦੀਆਂ ਤਿਆਰੀਆਂ ਵਿਚ ਲੱਗੇ ਸਾਡੇ ਸਾਥੀਆਂ ਨੂੰ ਰੋਕ ਕੇ ਸਾਡੇ ਹੌਸਲੇ ਨੂੰ ਤੋੜਿਆ ਨਹੀਂ ਜਾ ਸਕਦਾ। ‘ਭਾਰਤ ਜੋੜੋ ਯਾਤਰਾ’ ਦੀ ਸਫ਼ਲਤਾ ਅਤੇ ਅਡਾਨੀ ਦਾ ਸੱਚ ਸਾਹਮਣੇ ਆਉਣ ਤੋਂ ਭਾਜਪਾ ਨਿਰਾਸ਼ ਹੈ। ਇਹ ਛਾਪੇਮਾਰੀ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਦੇਸ਼ ਸੱਚ ਜਾਣਦਾ ਹੈ। ਅਸੀਂ ਲੜਾਂਗੇ ਅਤੇ ਜਿੱਤਾਂਗੇ।

ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਛੱਤੀਸਗੜ੍ਹ ‘ਚ ਕਾਂਗਰਸ ਦੇ ਸੈਸ਼ਨ ‘ਤੇ ਟਿਕੀਆਂ ਹੋਈਆਂ ਹਨ। ਇਸ ਕਾਰਨ ਭਾਜਪਾ ਦੀ ਭਰੋਸੇਯੋਗਤਾ ਪੂਰੀ ਤਰ੍ਹਾਂ ਖਤਮ ਹੋਣ ਦਾ ਡਰ ਹੈ। ਉਹ ਕਨਵੈਨਸ਼ਨ ਤੋਂ ਪਹਿਲਾਂ ਕਾਂਗਰਸੀ ਆਗੂਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਕਨਵੈਨਸ਼ਨ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ, ਪਰ ਅਸੀਂ ਡਰਨ ਵਾਲੇ ਨਹੀਂ, ਸਾਡਾ ਸੰਮੇਲਨ ਸ਼ਾਨਦਾਰ ਤਰੀਕੇ ਨਾਲ ਹੋਵੇਗਾ।