June 30, 2024 9:49 pm
drugs

ਅੰਮ੍ਰਿਤਸਰ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਸਪਤਾਲ ‘ਚ ਹੋਈ ਮੌਤ

ਅੰਮ੍ਰਿਤਸਰ, 26 ਫਰਵਰੀ 2024: ਅੱਜ ਸਵੇਰੇ ਅੰਮ੍ਰਿਤਸਰ ਦੇ ਗੁਆਲ ਮੰਡੀ ਇਲਾਕੇ ਦੇ ਵਿੱਚ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ | ਇਸਦੇ ਨਾਲ ਹੀ ਗੋਲੀਆਂ ਚੱਲਣ ਦੀ ਵੀ ਗੱਲ ਆਖੀ ਜਾ ਰਹੀ ਹੈ | ਦੇਰ ਰਾਤ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ -5 ਵਿਖੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਇਸ ਮੌਕੇ ਪੀੜਿਤ ਪਰਿਵਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੋਸ਼ ਲਾਇਆ ਹੈ ਕਿ ਛੋਟਾ ਰਾਜਨ ਅਤੇ ਉਸ ਦਾ ਪਰਿਵਾਰ ਸ਼ਰ੍ਹੇਆਮ ਨਸ਼ਾ (drugs) ਵੇਚਣ ਦਾ ਕੰਮ ਕਰਦੇ ਹਨ, ਸਾਡੇ ਭਰਾ ਨੇ ਆਪਣੇ ਘਰ ਦੇ ਬਾਹਰ ਸੀਸੀ ਟੀਵੀ ਕੈਮਰੇ ਲਗਾ ਦਿੱਤੇ ਜਿਸਦੇ ਚੱਲਦੇ ਛੋਟਾ ਰਾਜਨ ਤੇ ਉਸ ਦਾ ਪਰਿਵਾਰ ਸਾਡੇ ਪਰਿਵਾਰ ਦੇ ਨਾਲ ਰੰਜਿਸ਼ ਰੱਖਦੇ ਸੀ ਤੇ ਅੱਜ ਦਿਨ ਝਗੜਾ ਕਰਦੇ ਸੀ |

ਉਨ੍ਹਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਸਾਡੇ ਪਿਓ ਦੇ ਹਮਲਾ ਕੀਤਾ ਗਿਆ, ਇਸ ਦੌਰਾਨ ਮੇਰਾ ਭਰਾ ਆਪਣੇ ਪਿਤਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕੋਲ ਪੁੱਜਾ ਤੇ ਉਹਨਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ। ਉੱਥੇ ਹੀ ਪਿੱਛੇ ਹੀ ਛੋਟਾ ਰਾਜਨ ਤੇ ਉਸਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪੁੱਜੇ ਤੇ ਉਹਨਾਂ ਨੇ ਮੇਰੇ ਭਰਾ ‘ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਿਵਲ ਹਸਪਤਾਲ ਵਿੱਚੋਂ ਉਹ ਫ਼ਰਾਰ ਹੋ ਗਏ |

ਇਸ ਮੌਕੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਲੜਾਈ ਨਿਊ ਸ਼ਹੀਦ ਉਧਮ ਸਿੰਘ ਨਗਰ ਗਲੀ ਨੰਬਰ ਪੰਜ ਵਿਖੇ ਹੋਈ ਹੈ ਤੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ, ਅਸੀਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।