ਅੰਮ੍ਰਿਤਸਰ, 18 ਮਈ 2024: ਇੱਕ ਪਾਸੇ ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਹੋ ਰਹੀਆਂ ਹਨ ਤੇ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਇਸ ਦੌਰਾਨ ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ (Gurjit Singh Aujla) ਦੀ ਰੈਲੀ ਦੇ ਬਾਹਰ ਕੁਝ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕਰ ਦਿੱਤਾ | ਇਹ ਸਾਰੀ ਘਟਨਾ ਆਪਸੀ ਰੰਜਿਸ਼ ਦੀ ਦੱਸੀ ਜਾ ਰਹੀ ਹੈ |
ਉਕਤ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ (Gurjit Singh Aujla) ਦੀ ਰੈਲੀ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਸਨ ਅਤੇ ਜਦੋਂ ਪਿਆਸ ਲੱਗੀ ਤੇ ਉਹ ਰੈਲੀ ਤੋਂ ਬਾਹਰ ਪਾਣੀ ਪੀਣ ਆਇਆ ਤਾਂ ਕੁਝ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਉਨ੍ਹਾਂ ‘ਚ ਕਈ ਨੌਜਵਾਨਾਂ ਉਸਦੀ ਜਾਣ-ਪਛਾਣ ਦੇ ਸਨ | ਜ਼ਖਮੀ ਨੌਜਵਾਨ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਅਤੇ ਇਹ ਪੁਰਾਣੀ ਰੰਜਿਸ਼ ਤਹਿਤ ਹੀ ਉਸਦੇ ਉੱਪਰ ਹਮਲਾ ਕੀਤਾ ਗਿਆ ਹੈ।
ਦੂਜੇ ਪਾਸੇ ਇਸ ਮਾਮਲੇ ‘ਚ ਬੋਲਦੇ ਹੋਏ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇੱਕ ਪਾਸੇ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ ਅਤੇ ਸਾਰਿਆਂ ਦੇ ਹਥਿਆਰ ਪੁਲਿਸ ਸਟੇਸ਼ਨਾਂ ਦੇ ਵਿੱਚ ਜਮ੍ਹਾਂ ਹਨ ਲੇਕਿਨ ਫਿਰ ਵੀ ਸ਼ਰ੍ਹੇਆਮ ਦਿਨ ਦਿਹਾੜੇ ਗੋਲੀ ਚੱਲਣ ਦੀ ਵਾਰਦਾਤ ਵਾਪਰਨੀ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਖੜ੍ਹੇ ਕਰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇਣ ਦੇ ਵਾਅਦਿਆਂ ਦੀ ਵੀ ਪੋਲ ਖੋਲ੍ਹਦਾ ਹੈ।
ਦੋਸ਼ ਲਾਇਆ ਲਾਇਆ ਜਾ ਰਿਹਾ ਹੈ ਕਿ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਗੁਰਜੀਤ ਸਿੰਘ ਔਜਲਾ ਨੇ ਈ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੁਲਿਸ ਕੋਲ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਜ਼ਖਮੀ ਹੋਏ ਨੌਜਵਾਨ ਲਵਲੀ ਕੁਮਾਰ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ। ਉਹ ਨੌਜਵਾਨ ਜ਼ਖਮੀ ਹੋਇਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲਾ ਦਰਜ ਕਰ ਰਹੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।