Robbers

ਸਮਰਾਲਾ ‘ਚ ਲੁੱਟ ਦੀ ਨੀਅਤ ਨਾਲ ਅਣਪਛਾਤੇ ਲੁਟੇਰਿਆਂ ਵੱਲੋਂ ਦੋ ਟ੍ਰਾਂਸਪੋਰਟਰਾਂ ‘ਤੇ ਹਮਲਾ

ਸਮਰਾਲਾ , 02 ਸਤੰਬਰ 2023: ਪੰਜਾਬ ਵਿੱਚ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਲਗਾਤਾਰ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ | ਇਸੇ ਤਰ੍ਹਾਂ ਦੀ ਘਟਨਾ ਰਾਤ ਤਕਰੀਬਨ 9:00 ਵਜੇ ਸਮਰਾਲਾ ਦੇ ਪਿੰਡ ਓਟਾਲਾ ਬਾਈਪਾਸ ਨੇੜੇ ਵਾਪਰੀ | ਜਿਸ ਵਿੱਚ ਦੋ ਟਰਾਂਸਪੋਰਟ ਵਪਾਰੀਆਂ ‘ਤੇ ਕੁਝ ਅਣਪਛਾਤੇ ਲੁਟੇਰਿਆਂ (Robbers) ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਹਮਲਾ ਕੀਤਾ ਗਿਆ। ਜਿਸ ਵਿੱਚ ਦੋਵੇਂ ਟ੍ਰਾਂਸਪੋਰਟਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ।

ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਸਮਰਾਲੇ ਤੋਂ ਆਪਣੇ ਪਿੰਡ ਮਾਣਕੀ ਜਾ ਰਹੇ ਸਨ ਤਾਂ ਪਿੰਡ ਓਟਾਲਾ ਨਜ਼ਦੀਕ ਕੁਝ ਅਣਪਛਾਤੇ ਲੁਟੇਰਿਆ ਨੇ ਇਹ ਕਹਿ ਕੇ ਗੱਡੀ ਨੂੰ ਰੋਕਿਆ ਕਿ ਤੁਹਾਡੇ ਗੱਡੀ ਦੇ ਟਾਇਰ ਵਿੱਚੋਂ ਅੱਗ ਨਿਕਲ ਰਹੀ ਹੈ, ਜਦੋਂ ਇਹਨਾਂ ਦੋਵਾਂ ਟਰਾਂਸਪੋਰਟਰਾਂ ਵੱਲੋਂ ਕਾਰ ਨੂੰ ਰੋਕਿਆ ਗਿਆ ਤਾਂ ਰਜਿੰਦਰ ਸਿੰਘ ਨੇ ਗੱਡੀ ਵਿਚੋਂ ਬਾਹਰ ਆ ਕੇ ਗੱਡੀ ਦੇ ਟਾਇਰ ਚੈੱਕ ਕੀਤੇ ਤਾਂ ਲੁਟੇਰਿਆਂ ਵੱਲੋਂ ਰਜਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ।

ਉਹਨਾਂ ਲੁਟੇਰਿਆਂ (Robbers) ਵਿੱਚੋਂ ਇੱਕ ਲੁਟੇਰੇ ਨੇ ਇਹਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਉਸ ਤੋਂ ਬਾਅਦ ਦੋਵਾਂ ਟਰਾਂਸਪੋਰਟਰਾਂ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਟਰਾਂਸਪੋਰਟਰਾਂ ਨੇ ਦੱਸਿਆ ਕਿ ਉਹ ਚਾਰ ਲੁਟੇਰੇ ਸਨ, ਜਿੰਨਾਂ ਕੋਲ ਕੁੱਝ ਹਥਿਆਰ ਸਨ | ਜਿਨ੍ਹਾਂ ਨਾਲ ਲੁਟੇਰਿਆਂ ਨੇ ਉਹਨਾਂ ਦੇ ਸਿਰ ‘ਤੇ ਵਾਰ ਕਰ ਦਿੱਤਾ। ਉਹਨਾਂ ਦਾ ਇੱਕੋ ਮੋਬਾਇਲ ਖੋਹ ਲਿਆ ਅਤੇ ਰਜਿੰਦਰ ਸਿੰਘ ਨੇ ਆਪਣਾ ਸੋਨੇ ਦਾ ਕੜਾ ਲੁਟੇਰਿਆਂ ਤੋਂ ਬਚਾਉਣ ਲਈ ਵਾਰਦਾਤ ਵਾਲੀ ਜਗ੍ਹਾ ਤੇ ਘਾਹ ਵਿੱਚ ਸੁੱਟ ਦਿੱਤਾ। ਕਿਸੇ ਤਰੀਕੇ ਨਾਲ ਟਰਾਂਸਪੋਰਟਰ ਨੇ ਆਪਣੀ ਜਾਨ ਬਚਾਈ ਅਤੇ ਆਪਣੇ ਪਿੰਡ ਮਾਣਕੀ ਪਹੁੰਚ ਗਏ।

ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਸ ਸੰਬੰਧੀ ਪੁਲਿਸ ਨੂੰ ਇਤਲਾਹ ਵੀ ਕਰ ਦਿੱਤੀ ਗਈ ।ਸਥਾਨਕ ਪੁਲਿਸ ਮੌਕੇ ‘ਤੇ ਤਕਰੀਬਨ 2 ਘੰਟੇ ਬਾਅਦ ਪਹੁੰਚੀ। ਬਾਅਦ ਵਿੱਚ ਪੁਲਿਸ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੀ ਅਤੇ ਉਸ ਜਗ੍ਹਾ ਤੋਂ ਸੋਨੇ ਦਾ ਕੜਾ ਵੀ ਪ੍ਰਾਪਤ ਹੋ ਗਿਆ। ਪੁਲਿਸ ਹੁਣ ਘਟਨਾਂ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ।

Scroll to Top