July 2, 2024 8:37 pm
Rafah refugee camp

ਰਫਾਹ ਸ਼ਰਨਾਰਥੀ ਕੈਂਪ ‘ਤੇ ਹਮਲਾ ਬਹੁਤ ਦੁਖਦਾਈ: ਰਣਧੀਰ ਜੈਸਵਾਲ

ਚੰਡੀਗੜ੍ਹ, 30 ਮਈ 2024: ਗਾਜ਼ਾ ‘ਚ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਕਰਨਲ ਵੈਭਵ ਅਨਿਲ ਕਾਲੇ ਦੀ ਮੌਤ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਇਜ਼ਰਾਈਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਜਾਂਚ ਛੇਤੀ ਪੂਰੀ ਹੋ ਜਾਵੇਗੀ।

ਇਸਦੇ ਨਾਲ ਹੀ ਰਫਾਹ ਸ਼ਰਨਾਰਥੀ ਕੈਂਪ (Rafah refugee camp) ‘ਤੇ ਇਜ਼ਰਾਈਲ ਦੇ ਹਮਲੇ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਸ ਯੁੱਧ ਦੌਰਾਨ ਭਾਰਤ ਨੇ ਹਮੇਸ਼ਾ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਇਸ ਦੁਖਦਾਈ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਰਫਾਹ ‘ਚ ਇਕ ਸ਼ਰਨਾਰਥੀ ਕੈਂਪ ‘ਤੇ ਇਜ਼ਰਾਇਲੀ ਹਮਲੇ ‘ਚ ਕਈ ਬੱਚਿਆਂ ਸਮੇਤ 45 ਜਣੇ ਮਾਰੇ ਗਏ ਸਨ।

ਮਾਲਦੀਵ ਦੇ ਨਾਲ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਜਿਹੇ ਕਿਸੇ ਵੀ ਸਮਝੌਤੇ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਲਦੀਵ ਇਸ ਮਾਮਲੇ ‘ਚ ਆਪਣੀ ਦਿਲਚਸਪੀ ਦਿਖਾਉਂਦਾ ਹੈ ਤਾਂ ਭਾਰਤ ਇਸ ‘ਤੇ ਵਿਚਾਰ ਕਰੇਗਾ।