Atishi

Delhi: ਆਤਿਸ਼ੀ ਬਣੀ ਦਿੱਲੀ ਦੀ ਤੀਜੀ ਬੀਬੀ ਮੁੱਖ ਮੰਤਰੀ, ਇਨ੍ਹਾਂ 5 ਮੰਤਰੀਆਂ ਨੇ ਵੀ ਚੁੱਕੀ ਸਹੁੰ

ਚੰਡੀਗੜ੍ਹ, 21 ਸਤੰਬਰ 2024: ਅੱਜ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ (Atishi) ਨੇ ਉਪ ਰਾਜਪਾਲ ਦੀ ਰਿਹਾਇਸ਼ ਰਾਜ ਭਵਨ ਵਿਖੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦੇ ਨਾਲ ‘ਆਪ’ ਦੇ ਪੰਜ ਵਿਧਾਇਕਾਂ ਨੇ ਵੀ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ ਹੈ । ਆਤਿਸ਼ੀ ਭਾਜਪਾ ਦੀ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਤੋਂ ਬਾਅਦ ਦਿੱਲੀ ਦੀ ਤੀਜੀ ਬੀਬੀ ਮੁੱਖ ਮੰਤਰੀ ਬਣ ਗਈ ਹੈ ਅਤੇ ਉਹ ਦਿੱਲੀ ਦੀ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਵੀ ਬਣ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਤਿਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ ਅਤੇ ਰਾਸ਼ਟਰਪਤੀ ਨੇ ਪੰਜ ਮੰਤਰੀਆਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਜਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਛਲੇ ਇੱਕ ਹਫ਼ਤੇ ਤੋਂ ਇੱਕ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਹੈ। ਦਿੱਲੀ ਸ਼ਰਾਬ ਘਪਲੇ ‘ਚ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਸੁਪਰੀਮ ਕੋਰਟ ਵੱਲੋਂ ਤਿਹਾੜ ਜੇਲ੍ਹ ਤੋਂ ਰਿਹਾਈ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਹ ਫੇਰਬਦਲ ਹੋਇਆ ਹੈ | ਇਸ ਦੇ ਨਾਲ ਹੀ ‘ਆਪ’ ਵਿਧਾਇਕ ਦਲ ਵੱਲੋਂ ਆਤਿਸ਼ੀ ਮਾਰਲੇਨਾ ਨੂੰ ਦਿੱਲੀ ਦੀ ਸੀਐਮ ਬਣਾਉਣ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਅਰਵਿੰਦ ਕੇਜਰੀਵਾਲ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਅੱਜ (ਸ਼ਨੀਵਾਰ) ਆਤਿਸ਼ੀ ਮਾਰਲੇਨਾ ਨੇ ਆਪਣੇ ਪੰਜ ਮੰਤਰੀਆਂ ਸਮੇਤ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ । ਆਤਿਸ਼ੀ ਹੁਣ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਕਾਰਜਕਾਲ ਸੰਭਾਲਣਗੇ, ਜਦਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਮੁਕਤ ਹੋ ਕੇ ਆਪਣਾ ਪੂਰਾ ਧਿਆਨ ਹਰਿਆਣਾ ਵਿਧਾਨ ਸਭਾ ਚੋਣਾਂ ‘ਤੇ ਕੇਂਦਰਿਤ ਕਰ ਲਿਆ ਹੈ।

ਆਤਿਸ਼ੀ (Atishi)  ਤੋਂ ਇਲਾਵਾ LG ਨੇ ਪੰਜ ਮੰਤਰੀਆਂ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਨੂੰ ਅਹੁਦੇ ਦੀ ਸਹੁੰ ਚੁਕਾਈ। ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ‘ਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਏ। ਆਤਿਸ਼ੀ ਦੇ ਸੀਐਮ ਬਣਨ ਅਤੇ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਇਸ ਕਦਮ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਰਹੀ ਹੈ।

Scroll to Top