PAFC

ਪਿੰਡ ਬੁਰਜ ਸਿੱਧਵਾਂ ਵਿਖੇ ਲੁਟੇਰਿਆਂ ਨੇ ਘਰ ’ਚ ਵੜ ਕੇ ਡਾਕਟਰ ਦਾ ਕੀਤਾ ਕਤਲ, 30 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ

ਚੰਡੀਗੜ੍ਹ,10 ਜੂਨ 2023: ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਪਿੰਡ ਬੁਰਜ ਸਿੰਧਵਾਂ (Burj Sidhwan) ਵਿੱਚ ਸ਼ਨੀਵਾਰ ਸਵੇਰੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਇੱਕ ਡਾਕਟਰ ਦਾ ਕਤਲ ਕਰ ਦਿੱਤਾ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਕਬਰਵਾਲਾ ਦੇ ਮੁੱਖ ਅਫਸਰ ਸੁਖਦੇਵ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੇ ਸ਼ਿਕਾਇਤ ਦਿੱਤੀ ਹੈ। ਸ਼ਨੀਵਾਰ ਤੜਕੇ 3 ਵਜੇ ਦੇ ਕਰੀਬ 3 ਨਕਾਬਪੋਸ਼ ਵਿਅਕਤੀ ਘਰ ਦੇ ਪਿੱਛੇ ਕੰਧ ਟੱਪ ਕੇ ਅੰਦਰ ਦਾਖਲ ਹੋਏ, ਜਦੋਂ ਉਹ ਦੋਵੇਂ ਸੁੱਤੇ ਪਏ ਸਨ |

ਪਰਮਿੰਦਰ ਕੌਰ ਦੇ ਅਨੁਸਾਰ ਲੁਟੇਰਿਆਂ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ, ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ‘ਤੇ ਲੁਟੇਰਿਆਂ ਨੇ ਉਸ ਦੇ ਪਤੀ ਸੁਖਵਿੰਦਰ ਨਾਲ ਲੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਉਹ ਸਵੇਰੇ ਬੈਂਕ ਵਿੱਚੋਂ ਪੈਸੇ ਕਢਵਾ ਕੇ ਤੁਹਾਨੂੰ ਦੇ ਦੇਵੇਗਾ ਪਰ ਲੁਟੇਰਿਆਂ ਨੇ ਸੁਖਵਿੰਦਰ ਸਿੰਘ ’ਤੇ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਾਂਦੇ ਸਮੇਂ ਲੁਟੇਰੇ ਘਰ ‘ਚ ਪਏ 30 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਪਰਮਿੰਦਰ ਕੌਰ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਮਾਮਲਾ ਦਰਜ ਕਰ ਲਿਆ।

Scroll to Top