ਸ੍ਰੀ ਹਰਿਮੰਦਰ ਸਾਹਿਬ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਏਯੂ ਸਮਾਲ ਫਾਇਨਾਂਸ ਬੈਂਕ ਨੇ ਸੰਗਤ ਲਈ ਚਾਰ ਬੈਂਟਰੀ ਵਾਹਨ ਕੀਤੇ ਭੇਂਟ

ਅੰਮ੍ਰਿਤਸਰ, 23 ਨਵੰਬਰ 2023: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਏਯੂ ਸਮਾਲ ਫਾਇਨਾਂਸ ਬੈਂਕ ਨੇ ਚਾਰ ਬੈਂਟਰੀ ਵਾਹਨ ਭੇਟ ਕੀਤੇ ਹਨ। ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਏਯੂ ਸਮਾਲ ਫਾਇਨਾਂਸ ਬੈਂਕ ਦੇ ਗਰੁੱਪ ਹੈੱਡ ਰਿਸ਼ੀ ਧਾਰੀਵਾਲ ਨੇ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ। ਸੰਗਤਾਂ ਲਈ ਸਹੂਲਤ ਲਈ ਵੱਖ-ਵੱਖ ਕੰਪਨੀਆਂ ਵੱਲੋਂ ਵਾਹਨ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਏਯੂ ਸਮਾਲ ਫਾਇਨਾਂਸ ਬੈਂਕ ਵੱਲੋਂ ਚਾਰ ਬੈਂਟਰੀ ਵਾਹਨ ਭੇਟ ਕੀਤੇ ਗਏ ਹਨ, ਜੋ ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਸਹੂਲਤ ਲਈ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਸਾਹਮਣੇ ਇਨ੍ਹਾਂ ਵਾਹਨਾਂ ਨੂੰ ਚਾਰਜ ਕਰਨ ਲਈ ਸਥਾਨ ਦੇ ਨਾਲ-ਨਾਲ ਸੰਗਤ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਹੈ। ਐਡਵੋਕੇਟ ਧਾਮੀ ਨੇ ਏਯੂ ਸਮਾਲ ਫਾਈਨੈਂਸ ਬੈਂਕ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਬੈਂਕ ਹੈੱਡ ਰਿਸ਼ੀ ਧਾਰੀਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹਾ ਅਧਿਆਤਮਕ ਕੇਂਦਰ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਲੋਕ ਦਰਸ਼ਨ ਕਰਨ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਵਾਹਨ ਭੇਟ ਕਰਨ ਦਾ ਮਕਸਦ ਬੱਚੇ ਅਤੇ ਬਜ਼ੁਰਗ ਸੰਗਤ ਨੂੰ ਬੇਹਤਰ ਸੁਵਿਧਾ ਦੇਣਾ ਹੈ, ਤਾਂ ਜੋ ਉਨ੍ਹਾਂ ਨੂੰ ਦਰਸ਼ਨ ਕਰਨ ਸਮੇਂ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।

Scroll to Top