June 30, 2024 7:54 pm
ਸ੍ਰੀ ਅਖੰਡ ਪਾਠ ਸਾਹਿਬ

ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਫ਼ਰੀਦਕੋਟ, 01 ਜਨਵਰੀ 2024: ਸਰਬ ਸਾਂਝੀ ਧਾਰਮਿਕ ਕਮੇਟੀ, ਮਿੰਨੀ ਸਕੱਤਰੇਤ ਫਰੀਦਕੋਟ ਵੱਲੋਂ ਅੱਜ ਨਵੇਂ ਸਾਲ 2024 ਦੀ ਆਮਦ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮਿੰਨੀ ਸਕੱਤਰੇਤ ਵਿਖੇ ਕੰਮ ਕਰਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਕਾਨੂੰਗੋ, ਪਟਵਾਰੀਆਂ, ਫੋਟੋ ਸਟੇਟ ਮੇਕਰਾਂ, ਟਾਈਪਿਸਟਾਂ, ਅਰਜੀ ਨਵੀਸਾਂ, ਨਕਸ਼ਾ ਨਵੀਸਾਂ, ਅਸਟਾਮ ਫਰੋਸ਼, ਐਡਵੋਕੇਟਸ ਨੇ ਸ਼ਮੂਲੀਅਤ ਕੀਤੀ।

ਅੱਜ ਸਵੇਰੇ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਚਰਨਜੀਤ ਸਿੰਘ ਚੰਨੀ ਤੇ ਸਾਥੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਭ ਨੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਰਬ ਸਾਂਝੀ ਧਾਰਮਿਕ ਕਮੇਟੀ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਸੰਧੂ ਨੇ ਸਭ ਨੂੰ ਜੀ ਆਇਆਂ ਆਖਿਆ।

ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾ ਨੇ ਹਾਜ਼ਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਫਿਰ ਤੋਂ ਰੰਗਲਾਂ ਪੰਜਾਬ ਬਣਾਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ, ਸੋ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਤਨਦੇਹੀ ਨਾਲ ਪੰਜਾਬ ਵਾਸੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸਪੀਕਰ ਸੰਧਵਾਂ ਨੇ ਜ਼ਿਲ੍ਹਾ ਭਾਸ਼ਾ ਅਫਸਰ ਸ. ਮਨਜੀਤ ਪੁਰੀ ਵਲੋਂ ਨਵੇਂ ਸਾਲ ਤੇ ਲਗਾਈ ਗਈ ਕਿਤਾਬ ਪ੍ਰਦਰਸ਼ਨੀ ਲਈ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਹਲਕੇ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਸਮੂਹ ਮੁਲਾਜ਼ਮਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਹੁਣ ਤੱਕ ਉਨ੍ਹਾਂ ਨੂੰ ਕਿਸੇ ਮੁਲਾਜ਼ਮ ਪ੍ਰਤੀ ਆਮ ਲੋਕਾਂ ਵੱਲੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਸ.ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਨਵੇਂ ਸਾਲ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਲੋਕਾਂ ਦੀ ਸੇਵਾ ਕਰੀਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਮੈਡਮ ਤੁਸ਼ਿਤਾ ਗੁਲਾਟੀ,ਉਪ ਜਿਲਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਫ਼ਰੀਦਕੋਟ ਸ. ਗੁਰਤੇਜ ਸਿੰਘ ਖੋਸਾ,ਚੇਅਰਮੈਨ ਮਾਰਕਿਟ ਕਮੇਟੀ ਸ. ਸੁਖਜੀਤ ਸਿੰਘ ਢਿੱਲਵਾਂ, ਸ.ਸਿਵਜੀਤ ਸਿੰਘ ਸੰਘਾ ਹਾਜ਼ਰ ਸਨ।

ਸਮਾਗਮ ਨੂੰ ਸਫਲ ਬਣਾਉਣ ਲਈ ਕਮੇਟੀ ਮੈਂਬਰਾਂ ਵਿੱਚੋਂ ਸ੍ਰੀ ਦਰਸ਼ਨ ਲਾਲ ਸ਼ਰਮਾ, ਸ. ਮਨਦੀਪ ਸਿੰਘ ਮੋਰਾਂਵਾਲੀ, ਬਲਵੀਰ ਸਿੰਘ, ਬਲਦੇਵ ਸਿੰਘ ਜੰਡੋਕੇ, ਪ੍ਰਵੀਨ ਰਾਣੀ, ਅਮਰਜੀਤ ਕੌਰ, ਰਜਿੰਦਰ ਕੌਰ, ਸਟੈਨੋ, ਮਿੰਨੀ ਛਾਬੜਾ, ਨਛੱਤਰ ਸਿੰਘ ਢੈਪਈ, ਲਖਵੰਤ ਸਿੰਘ ਮਾਨ, ਅੰਮ੍ਰਿਤਪਾਲ ਸਿੰਘ,ਸ਼ਿੰਦਰ ਪਾਲ, ਬਿੱਕਰ ਸਿੰਘ, ਜਗਦੀਸ਼ ਸਿੰਘ ਨੇ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।