ਕਸੌਲੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਸਾਲਾਨਾ ਦੀਵਾਨ ‘ਤੇ ਨਗਰ ਕੀਰਤਨ ਸਜਾਇਆ ਗਿਆ, ਇਹ ਸਲਾਨਾ ਸਮਾਗਮ ਪਿਛਲੇ 127 ਸਾਲਾਂ ਤੋਂ ਸਤੰਬਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ | ਇਸ ਗੁਰਦੁਆਰਾ ਬਾਰੇ ਕਰਨਵੀਰ ਸਿੰਘ ਝੱਮਟ ਲਿਖਦੇ ਹਨ ਕਿ ਕਸੌਲੀ ਮੌਜੂਦਾ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਪੰਜਾਬ ਦਾ ਸਭ ਤੋਂ ਨੇੜਲਾ ਪਹਾੜੀ ਸਥਾਨ ਹੈ । ੧੮੪੨ ਵਿੱਚ ਬਰਤਾਨਵੀ ਸ਼ਾਸਕ ਵੱਲੋਂ ਫ਼ੌਜੀ ਛਾਉਣੀ ਬਣਾਉਣ ਤੋਂ ਪਹਿਲਾਂ ਇਕ ਛੋਟਾ ਜਿਹਾ ਰਮਣੀਕ ਪਿੰਡ ਸੀ । ਛਾਉਣੀ ਬਣਾਉਣ ਤੋਂ ਬਾਅਦ ਇੱਥੇ ਅੰਗਰੇਜ਼ਾਂ ਵੱਲੋਂ ਵੱਖ ਵੱਖ ਇਮਾਰਤਾਂ ਉਸਾਰੀਆਂ ਗਈਆਂ।
ਕਸੌਲੀ ਦੀ ਸਿੱਖ ਸੰਗਤ ਵੀ ਤਕਰਬੀਨ ਕਸੌਲੀ ਛਾਉਣੀ ਜਿੰਨੀ ਹੀ ਪੁਰਾਣੀ ਹੈ । ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਇਮਾਰਤ ੧੮੭੮ ਈ. ਵਿੱਚ ਉਸਾਰੀ ਗਈ । ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੰਗਤ ਉਸਤੋਂ ਵੀ ਪਹਿਲਾ ਜੁੜਨੀ ਸ਼ੁਰੂ ਹੋ ਗਈ ਸੀ। ਕਸੌਲੀ ਵਿੱਚ ਸਭ ਤੋਂ ਪਹਿਲਾਂ ਗੁਰੂ ਜੱਸ ਆਰੰਭ ਕਰਨ ਵਾਲੇ ਬਾਬਾ ਰਣ ਸਿੰਘ ਅਤੇ ਬਾਬਾ ਗੰਗਾ ਸਿੰਘ ਸਨ। ਜਿੰਨਾ ਦਾ ਪਿਛੋਕੜ ਹੁਸ਼ਿਆਰਪੁਰ ਦੇ ਪਿੰਡ ਬੱਡੋ ਦਾ ਸੀ।
ਉਹਨਾਂ ਦਾ ਪਰਿਵਾਰ ਹਾਲੇ ਵੀ ਕਸੌਲੀ ‘ਚ ਵੱਸਦਾ ਹੈ। ਕਿਸੇ ਵੇਲੇ ਕਸੌਲੀ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਸੀ । ੧੫੦ ਦੇ ਕਰੀਬ ਸਿੱਖ ਪਰਿਵਾਰ ਕਸੌਲੀ ਵਿੱਚ ਵੱਸਦੇ ਸਨ। ਪਰ ਮੌਕਿਆਂ ਅਤੇ ਰੋਜ਼ਗਾਰ ਦੀ ਘਾਟ ਕਾਰਨ ਪਹਿਲਾਂ ਚੰਡੀਗੜ੍ਹ ਦੇ ਵੱਸਣ ਵੇਲੇ ਇੱਥੋਂ ਕਾਫ਼ੀ ਪਰਿਵਾਰ ਇੱਥੋਂ ਹਿਜਰਤ ਕਰਕੇ ਚੰਡੀਗੜ੍ਹ ਚਲੇ ਗਏ ਤੇ ਫੇਰ ਵੀ ਸਮੇਂ ਸਮੇਂ ਪਿੰਜੌਰ, ਕਾਲਕਾ ਆਦਿ ਸਥਾਨਾਂ ਤੇ ਵੱਸਦੇ ਰਹੇ। ਹੁਣ ਕਸੌਲੀ ਵਿੱਚ ਚਾਰ-ਪੰਜ ਕੁ ਸਿੱਖ ਪਰਿਵਾਰ ਹਨ ਅਤੇ ਕੁਝ ਇਕ ਪਰਿਵਾਰ ਸਹਿਜਧਾਰੀ ਸਿੱਖਾਂ ਦੇ ਹਨ ਜੋ ਕਿ ‘੪੭ ਦੀ ਵੰਡ ਤੋਂ ਬਾਅਦ ਇੱਥੇ ਆ ਕੇ ਵਸੇ।
ਇਸ ਵੇਲੇ ਕਸੌਲੀ ਵਿੱਚ ਵੱਸਣ ਵਾਲੇ ਸਿੱਖ ਪਰਿਵਾਰਾਂ ਵਿੱਚੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਨਜੀਤ ਸਿੰਘ ਜੱਸਲ ਤੇ ਸ. ਹਰਦਿਆਲ ਸਿੰਘ ਜੱਸਲ ( ਬਾਬਾ ਰਣ ਸਿੰਘ ਦੇ ਪਰਿਵਾਰ ਵਿੱਚੋਂ ) ਜੋ ਕਿ ਹੁਸ਼ਿਆਰਪੁਰ ਦੇ ਪਿੰਡ ਬੱਡੋ ਤੋਂ ਆ ਕੇ ਵਸੇ ਸਨ। ਸ. ਸ਼ਰਨਜੀਤ ਸਿੰਘ ਜੋ ਕਿ ਵੰਡ ਤੋਂ ਲਹਿੰਦੇ ਪੰਜਾਬ ਦੇ ਲਾਇਲਪੁਰ ਦੇ ਚੱਕ ੧੬੩ ਤੋਂ ਆ ਕੇ ਇੱਥੇ ਵਸੇ। ਸ. ਗੁਰਚਰਨ ਸਿੰਘ ਚੰਨ ਜਿੰਨਾ ਦੇ ਪਰਿਵਾਰ ਦਾ ਪਿਛੋਕੜ ਸਰਗੋਧਾ ਤੋਂ ਹੈ, ਸ. ਭੁਪਿੰਦਰ ਸਿੰਘ ਲੱਕੀ, ਸ. ਬਿਕਰਮਜੀਤ ਸਿੰਘ ਆਦਿ ਪ੍ਰਮੁਖ ਹਨ।
ਹਜ਼ਾਰੇ ਦੇ ਪਿਛੋਕੜ ਦੇ ਸਹਿਜਧਾਰੀ ਪਰਿਵਾਰਾਂ ਵਿੱਚੋਂ ਗੁਰਦੀਪ ਆਨੰਦ ਹੋਰਾਂ ਦਾ ਨਾਮ ਪ੍ਰਮੁਖ ਹੈ ਜਿੰਨਾ ਦਾ ਕਸੌਲੀ ਦੀ ਹੈਰੀਟੇਜ ਮਾਰਕੀਟ ਵਿੱਚ ਸ਼ੇਰੇ ਪੰਜਾਬ ਦੇ ਨਾਮ ਦਾ ਢਾਬਾ ਹੈ। ਇਹਨਾਂ ਤੋਂ ਇਲਾਵਾ ਚਾਵਲਾ ਤੇ ਮਲਿਕ ਆਦਿ ਸਹਿਜਧਾਰੀ ਪਰਿਵਾਰ ਵੀ ਕਸੌਲੀ ਵਿੱਚ ਵੱਸ ਰਹੇ ਹਨ। ਜਿੰਨਾ ਦੀ ਗੁਰੂ ਘਰ ਉੱਪਰ ਪੂਰਨ ਸ਼ਰਧਾ ਹੈ। ਇਹ ਸਾਰੇ ਪਰਿਵਾਰ ਕਸੌਲੀ ਵਿੱਚ ਹੀ ਆਪਣੇ ਕਾਰੋਬਾਰ ਕਰਦੇ ਹਨ।
ਕਸੌਲੀ ਦੇ ਮੁੱਖ ਬਜ਼ਾਰ ਤੋਂ ਅੱਗੇ ਲੰਘਕੇ ਪੁਰਾਣੇ ਆੜ੍ਹਤ ਬਜ਼ਾਰ ਵਿੱਚ ਗੁਰਦੁਆਰਾ ਸਿੰਘ ਸਭਾ ਸਾਹਿਬ ਸਥਿਤ ਹੈ। ਜਿਸਦੀ ਇਮਾਰਤ ਦੀ ਨੀਂਹ ੧੮੭੮ ਈ. ਵਿੱਚ ਰੱਖੀ ਗਈ ਸੀ ਜਿਸ ਵਿੱਚ ਸਮੇਂ- ਸਮੇਂ ਤੇ ਵਾਧਾ ਹੁੰਦਾ ਗਿਆ।
੧੯੮੪ ਦੇ ਸਿੱਖ ਕਤਲੇਆਮ ਵੇਲੇ ਕਸੌਲੀ ਵਿੱਚ ਇਕ ਦੋ ਦਿਨ ਹੁੱਲੜਬਾਜ਼ੀ ਹੁੰਦੀ ਰਹੀ। ਸਿੱਖਾਂ ਦੇ ਘਰਾਂ ਦਾ ਪੁਲਿਸ ਵੱਲੋਂ ਤਲਾਸ਼ੀ ਵੀ ਲਈ ਗਈ ਤੇ ਗੁਰਦਵਾਰਾ ਸਾਹਿਬ ਦੇ ਅੰਦਰ ਸਿਗਰੇਟਾਂ ਦੀਆਂ ਡੱਬੀਆਂ ਵੀ ਸੁੱਟੀਆਂ ਗਈ। ਪਰ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਮਨਾਏ ਜਾਂਦੇ ਦਿਹਾੜੇ ਗੁਰਦੁਆਰਾ ਸਾਹਿਬ ਵਿੱਚ ਸਲਾਨਾ ਸਮਾਗਮ ਸਤੰਬਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਬਹੁਤ ਉਤਸ਼ਾਹ ਨਾਲ ਕੀਤੀ ਜਾਂਦਾ ਹੈ। ਜੋ ਕਿ ਪਿਛਲੇ ੧੨੭ ਸਾਲਾਂ ਤੇ ਹੋ ਰਿਹਾ ਹੈ। ਜਿਸ ਦਿਨ ਕਸੌਲੀ ਵਿੱਚ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ। ਉਂਝ ਵਿਸਾਖੀ, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਐਤਵਾਰ ਅਤੇ ਸੰਗਰਾਂਦ ਦੇ ਦਿਹਾੜੇ ਮੌਕੇ ਵੀ ਸੰਗਤ ਜੁੜਦੀ ਹੈ। ਸਵੇਰੇ ਸ਼ਾਮ ਨਿਤਨੇਮ ਹੁੰਦਾ ਹੈ। ਭਾਈ ਗੁਰਸ਼ਰਨ ਸਿੰਘ ਜੀ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਪ੍ਰਬੰਧ ਗੁਰਦੁਆਰਾ ਸਾਹਿਬ ਵਿੱਚ ਜਗ੍ਹਾ ਦੀ ਘਾਟ ਹੋਣ ਕਾਰਨ ਲੰਗਰ ਦਰਬਾਰ ਸਾਹਿਬ ਦੇ ਅੰਦਰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰਵਾਉਣ ਤੋਂ ਬਾਅਦ ਛਕਾਇਆ ਜਾਂਦਾ ਹੈ। ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਯਾਤਰੀਆਂ ਲਈ ਰਿਹਾਇਸ਼ ਦਾ ਥੋੜਾ ਬਹੁਤ ਪ੍ਰਬੰਧ ਸੀ। ਪਰ ਕੁਝ ਇਕ ਯਾਤਰੀਆਂ ਵੱਲੋਂ ਸ਼ਰਾਬ ਪੀ ਕੇ ਆਉਣ ਅਤੇ ਹੁੱਲੜਬਾਜ਼ੀ ਕਰਨ ਕਾਰਨ ਇਹ ਸਹੂਲਤ ਬੰਦ ਕਰ ਦਿੱਤੀ ਗਈ। ਯਾਤਰੀਆਂ ਦਾ ਰਿਹਾਇਸ਼ ਵਾਲੇ ਦੋ ਕਮਰੇ ਹੁਣ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹੋਰ ਕੋਈ ਪੱਕੀ ਆਮਦਨ ਨਾ ਹੋਣ ਕਾਰਨ ਕਿਰਾਏ ਉੱਪਰ ਦਿੱਤੇ ਹੋਏ ਹਨ।
ਗੁਰਦੁਆਰਾ ਸਾਹਿਬ ਵਿੱਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਲੱਕੜ ਦੀ ਪਾਲਕੀ ਸਾਹਿਬ ਜੋ ਕਿ ਕਰਤਾਰਪੁਰ ਤੋਂ ਤਿਆਰ ਕਰਵਾਈ ਗਈ ਸੀ। ਸੌ ਸਾਲ ਤੋਂ ਵੱਧ ਪੁਰਾਣੀ ਹੈ। ਪਰ ਹਾਲੇ ਵੀ ਉਸੇ ਰੂਪ ਵਿੱਚ ਚਮਕਾ ਮਾਰ ਰਹੀ ਹੈ। ਪੀ ਟੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਭੇਟ ਕੀਤੀ ਤਕਰਬੀਨ ਸੌ ਸਾਲ ਪੁਰਾਣੀ ਲੱਕੜ ਦੀ ਘੜੀ ਵੀ ਹਾਲੇ ਤੱਕ ਗੁਰਦੁਆਰਾ ਸਾਹਿਬ ਵਿਖੇ ਸੰਭਾਲੀ ਹੋਈ ਹੈ।
ਕਸੌਲੀ ਵਿੱਚ ਕਿਸੇ ਵੇਲੇ ਵੱਡੀ ਸਿੱਖ ਆਬਾਦੀ ਜੁੜਦੀ ਸੀ। ਪਰ ਸਮੇਂ ਦੇ ਬੀਤਣ ਨਾਲ ਸਿੱਖ ਪਰਿਵਾਰ ਇੱਥੋਂ ਹੌਲੀ ਹੌਲੀ ਘੱਟਦੇ ਗਏ। ਪਰ ਹੁਣ ਵੀ ਜੋ ਪਰਿਵਾਰ ਇੱਥੇ ਰਹਿੰਦੇ ਹਨ ਉਹ ਪੂਰੀ ਚੜਦੀਕਲਾ ਵਾਲੇ ਅਤੇ ਗੁਰੂ ਘਰ ਵਿੱਚ ਪੂਰਨ ਸ਼ਰਧਾ ਰੱਖਣ ਵਾਲੇ ਹਨ।
ਇੱਥੇ ਬਹੁਤ ਸਾਰੇ ਸਿੱਖਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਹਾਲੇ ਵੀ ਸਥਿਤ ਹਨ। ਜਿੰਨਾ ਵਿੱਚ ਜਨਰਲ ਹਰਬਖਸ਼ ਸਿੰਘ ਤੇ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ, ਇਕਬਾਲ ਸਿੰਘ ਆਦਿ ਦੇ ਨਾਮ ਗਿਣਨਯੋਗ ਹਨ। ਕਸੌਲੀ ਵਿੱਚ ਸਿੱਖ ਰਿਆਸਤ ਫ਼ਰੀਦਕੋਟ ਦੁਆਰਾ 1873 ਈ. ਵਿੱਚ ਉਸਾਰਿਆ ਗਿਆ ਫ਼ਰੀਦਕੋਟ ਹਾਊਸ ਵੀ ਹੈ। ਜਿਸਨੂੰ ਹੁਣ ਸਰਕਟ ਹਾਊਸ ਵਿੱਚ ਤਬਦੀਲ ਕਰ ਦਿੱਤਾ ਗਿਆ।
ਕਸੌਲੀ ਦਾ ਗੁਰਦੁਆਰਾ ਸਿੰਘ ਸਭਾ ਸਾਹਿਬ ਅਤੇ ਇੱਥੋਂ ਦੀ ਸਿੱਖ ਸੰਗਤ ਸਾਡੀ ਅਮੀਰ ਵਿਰਾਸਤ ਦਾ ਹਿੱਸਾ ਹੈ। ਜਦੋਂ ਵੀ ਕੋਈ ਸਿੱਖ ਕਸੌਲੀ ਜਾਵੇ ਉਸਨੂੰ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਸਿੱਖ ਪਰਿਵਾਰਾਂ ਨਾਲ ਜ਼ਰੂਰ ਮਿਲਵਰਤਣ ਕਰਨਾ ਚਾਹੀਦਾ ਹੈ।