ਫਤਿਹਗੜ੍ਹ ਸਾਹਿਬ, 22 ਜੂਨ, 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੋਸਾਇਟੀ ਫਤਿਹਗੜ੍ਹ ਸਾਹਿਬ ਵੱਲੋਂ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ (Sri Guru Hargobind Sahib) ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਹੈ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜੱਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਸੰਗਤਾਂ ਵੱਡੀ ਗਿਣਤੀ ‘ਚ ਪਹੁੰਚੀਆਂ ਅਤੇ ਗੁਰੂ ਚਰਨਾਂ ‘ਚ ਆਪਣੀ ਹਾਜ਼ਰੀ ਲਗਵਾਈ |
ਇਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੋਸਾਇਟੀ ਦੇ ਆਗੂ ਰਜਿੰਦਰ ਸਿੰਘ ਬੱਤਰਾ ਤੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਤੋਂ ਪੁੱਤ ਦੀ ਦਾਤ ਦਾ ਵਰ ਲੈਣ ਲਈ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਲੈ ਕੇ ਗਏ ਸਨ | ਪੁਰਾਤਨ ਰਿਵਾਇਤ ਮੁਤਾਬਕ ਵੱਡੀ ਗਿਣਤੀ ‘ਚ ਸੰਗਤਾਂ ਅੱਜ ਮਿੱਸੇ ਪ੍ਰਸ਼ਾਦੇ ਲੱਸੀ ਅਤੇ ਅਚਾਰ ਪਿਆਜ ਦਾ ਲੰਗਰ ਲੈ ਕੇ ਗੁਰੂ ਘਰ ‘ਚ ਸੇਵਾ ਕਰਨ ਲਈ ਸਵੇਰ ਤੋਂ ਹੀ ਪਹੁੰਚੀਆਂ ਅਤੇ ਸੇਵਾ ‘ਚ ਆਪੋ ਆਪਣਾ ਯੋਗਦਾਨ ਪਾਇਆ।