ਚੰਡੀਗੜ੍ਹ, 04 ਅਕਤੂਬਰ 2023: ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ (Bharat Inder Chahal) ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ | ਵਿਜੀਲੈਂਸ ਵੱਲੋਂ ਭਰਤ ਇੰਦਰ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਵਿਜੀਲੈਂਸ ਦੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਭਰਤ ਇੰਦਰ ਸਿੰਘ ਚਾਹਲ ਦੇ ਘਰ ਅਤੇ ਉਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।
ਅਦਾਲਤ ਨੇ ਸੁਣਵਾਈ ਦੌਰਾਨ ਭਰਤ ਇੰਦਰ ਚਾਹਲ (Bharat Inder Chahal) ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਹੁਕਮ ਦਿੱਤੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੂੰ 12 ਅਕਤੂਬਰ ਤਕ ਜਾਇਦਾਦ ਸਬੰਧੀ ਵੇਰਵੇ ਸੌਂਪਣ ਲਈ ਕਿਹਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਦਰਅਸਲ ਚਾਹਲ ਨੇ ਇਸੇ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ ਜੋ ਕਿ ਰੱਦ ਹੋ ਗਈ ਸੀ |
ਬੀਤੇ ਦਿਨ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।ਮਿਲੀ ਜਾਣਕਾਰੀ ਭਰਤ ਇੰਦਰ ਚਾਹਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਰੰਜਿਸ਼ ਦੇ ਚੱਲਦਿਆਂ ਪਿਛਲੀ ਸਰਕਾਰ ਦੇ ਲੀਡਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।
ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਕਾਰਵਾਈ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਭਰਤ ਇੰਦਰ ਸਿੰਘ ਚਾਹਲ ਨੇ ਆਮਦਨ ਤੋਂ 305 ਫੀਸਦ ਵੱਧ ਜਾਇਦਾਦ ਬਣਾਈ ਹੈ।