ਚੰਡੀਗੜ੍ਹ,10 ਜੁਲਾਈ 2023: ਵਿਜੀਲੈਂਸ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (OP Soni) ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਜਾ ਰਹੀ ਹੈ। ਦੂਜੇ ਪਾਸੇ ਇਸ ਨੂੰ ਸਿਆਸੀ ਦੁਸ਼ਮਣੀ ਕਰਾਰ ਦਿੰਦਿਆਂ ਕਾਂਗਰਸੀਆਂ ਨੇ ਸੋਮਵਾਰ ਦੁਪਹਿਰ 1 ਵਜੇ ਅਦਾਲਤ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਨੇ ਓਮ ਪ੍ਰਕਾਸ਼ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਐਤਵਾਰ ਨੂੰ ਵਿਜੀਲੈਂਸ ਨੇ ਸਾਬਕਾ ਡਿਪਟੀ ਸੀਐਮ ਸੋਨੀ (OP Soni) ਨੂੰ 8 ਮਹੀਨਿਆਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਸੋਨੀ ‘ਤੇ ਦੋਸ਼ ਹਨ ਕਿ ਉਨ੍ਹਾਂ ਦੇ ਖਰਚੇ ਉਨ੍ਹਾਂ ਦੀ ਕਮਾਈ ਤੋਂ ਕਈ ਗੁਣਾ ਜ਼ਿਆਦਾ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਗ੍ਰਿਫ਼ਤਾਰੀ ਭਗਵੰਤ ਮਾਨ ਵੱਲੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਇੱਕ ਹੋਰ ਕੋਸ਼ਿਸ਼ ਹੈ। ਬਦਲਾਖੋਰੀ ਦੀ ਰਾਜਨੀਤੀ ਦਾ ਕਦੇ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਇਹ ਅਜਿਹੀ ਹੀ ਇੱਕ ਹੋਰ ਘਟਨਾ ਹੋਵੇਗੀ।