ਦੇਸ਼, 09 ਅਪ੍ਰੈਲ 2026: ਅਸਾਮ, ਕੇਰਲ ਅਤੇ ਪੁਡੂਚੇਰੀ ਸੂਬਿਆਂ ‘ਚ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ, ਅਸਾਮ ‘ਚ ਸਭ ਤੋਂ ਵੱਧ 59.63 ਫੀਸਦੀ ਵੋਟਿੰਗ ਦਰਜ ਕੀਤੀ ਗਈ। ਪੁਡੂਚੇਰੀ ‘ਚ 56.83 ਫੀਸਦੀ, ਜਦੋਂ ਕਿ ਕੇਰਲ ‘ਚ 49.70 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜਨਤਾ ਕੇਰਲ ਦੀਆਂ 140, ਅਸਾਮ ‘ਚ 126 ਅਤੇ ਪੁਡੂਚੇਰੀ ‘ਚ 30 ਸੀਟਾਂ ਦਾ ਭਵਿੱਖ ਤੈਅ ਕਰ ਰਹੀ ਹੈ।
ਅਸਾਮ ਦੇ ਮੁੱਖ ਮੰਤਰੀ ਅਤੇ ਜਲੂਕਬਾਰੀ ਉਮੀਦਵਾਰ ਹਿਮੰਤ ਬਿਸਵਾ ਸਰਮਾ, ਆਪਣੀ ਪਤਨੀ ਰਿੰਕੀ ਭੂਯਾਨ ਸ਼ਰਮਾ ਅਤੇ ਬੱਚਿਆਂ ਦੇ ਨਾਲ, ਕੰਪੁਰ ਦੇ ਇੱਕ ਪੋਲਿੰਗ ਸਟੇਸ਼ਨ ‘ਤੇ 2026 ਦੀਆਂ ਅਸਾਮ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਵੋਟਾਂ ਪਾਈਆਂ। ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹੋਏ, ਮੁੱਖ ਮੰਤਰੀ ਦੀ ਪਤਨੀ, ਰਿੰਕੀ ਭੂਯਾਨ ਸ਼ਰਮਾ ਨੇ ਕਿਹਾ, “ਸਾਨੂੰ ਜਿੱਤ ਦਾ 100 ਫੀਸਦੀ ਯਕੀਨ ਹੈ।”
ਸੋਨਿਤਪੁਰ ਜ਼ਿਲ੍ਹੇ ਦੇ ਨਾਡੂਆ ਹਲਕੇ ‘ਚ ਤਾਇਨਾਤ ਇੱਕ ਪੋਲਿੰਗ ਅਧਿਕਾਰੀ ਅਸਾਮ ਵਿਧਾਨ ਸਭਾ ਚੋਣਾਂ ਦੌਰਾਨ ਮ੍ਰਿਤਕ ਪਾਇਆ। ਮ੍ਰਿਤਕ ਦੀ ਪਛਾਣ ਦੇਬੇਨ ਹੋਰੋ ਵਜੋਂ ਹੋਈ, ਜਿਸਦੀ ਉਮਰ 45 ਸਾਲ ਹੈ। ਉਹ ਡੋਲਾਪਾਨੀ ਐਲਪੀ ਸਕੂਲ ਦੇ ਪੋਲਿੰਗ ਸਟੇਸ਼ਨ ਨੰਬਰ 230 ‘ਤੇ ਦੂਜੇ ਪੋਲਿੰਗ ਅਧਿਕਾਰੀ ਵਜੋਂ ਤਾਇਨਾਤ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੇਬੇਨ ਹੋਰੋ ਅੱਜ ਸਵੇਰੇ ਆਪਣੇ ਬਿਸਤਰੇ ‘ਤੇ ਬੇਹੋਸ਼ ਪਾਏ ਗਏ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕੇਰਲ ਵਿਧਾਨ ਸਭਾ ਚੋਣਾਂ ਲਈ ਤਿਰੂਵਨੰਤਪੁਰਮ ‘ਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਭਾਜਪਾ ਇੱਥੇ ਕੋਈ ਕਾਰਕ ਨਹੀਂ ਹੈ। ਇਹ ਇੱਕ ਅਜਿਹਾ ਸੂਬਾ ਹੈ ਜਿੱਥੇ ਭਾਜਪਾ ਕੋਲ ਵਿਧਾਨ ਸਭਾ ‘ਚ ਜ਼ੀਰੋ ਸੀਟਾਂ ਹਨ। ਉਨ੍ਹਾਂ ਦੇ ਨਾਮ ਦਾ ਜ਼ਿਕਰ ਕਰਨਾ ਵੀ ਇੱਕ ਵੱਡੀ ਪ੍ਰਸ਼ੰਸਾ ਹੋਵੇਗੀ।” ਥਰੂਰ ਨੇ ਅੱਗੇ ਕਿਹਾ, “ਕੇਰਲ ‘ਚ ਅਸਲ ਚੋਣ ਮੁਕਾਬਲਾ ਸੱਤਾਧਾਰੀ ਐਲਡੀਐਫ ਸਰਕਾਰ ਅਤੇ ਚੁਣੌਤੀਪੂਰਨ ਯੂਡੀਐਫ ਗਠਜੋੜ ਵਿਚਕਾਰ ਹੈ।”
ਮੌਤ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ, ਡਾਕਟਰਾਂ ਨੂੰ ਪਹਿਲਾਂ ਤੋਂ ਮੌਜੂਦ ਬਿਮਾਰੀ ਦਾ ਸ਼ੱਕ ਹੈ। ਦੇਬੇਨ ਹੋਰੋ ਚਾਰੀਦੁਆਰ ਖੇਤਰ ਦਾ ਨਿਵਾਸੀ ਸੀ ਅਤੇ ਇੱਕ ਸਰਕਾਰੀ ਸਕੂਲ ‘ਚ ਸਹਾਇਕ ਅਧਿਆਪਕ ਸੀ। ਇਸ ਘਟਨਾ ਦਾ ਵੋਟਿੰਗ ‘ਤੇ ਕੋਈ ਅਸਰ ਨਹੀਂ ਪਿਆ। ਬੂਥ ‘ਤੇ ਵੋਟਿੰਗ ਸਵੇਰੇ 7 ਵਜੇ ਨਿਰਧਾਰਤ ਸਮੇਂ ਮੁਤਾਬਕ ਸ਼ੁਰੂ ਹੋਈ। ਪ੍ਰਸ਼ਾਸਨ ਨੇ ਉਨ੍ਹਾਂ ਦੀ ਜਗ੍ਹਾ ਇੱਕ ਰਿਜ਼ਰਵ ਕਰਮਚਾਰੀ ਤਾਇਨਾਤ ਕੀਤਾ ਹੈ। ਅਸਾਮ ਦੀਆਂ 126 ਸੀਟਾਂ ਲਈ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।
Read More: ਹਰਿਆਣਾ ਸਰਕਾਰ ਵੱਲੋਂ ਸਹਿਕਾਰੀ ਵਿਭਾਗ ਦੇ ਲਿੰਕ ਅਧਿਕਾਰੀ ਨਿਯੁਕਤ




