ਚੰਡੀਗੜ੍ਹ, 29 ਮਾਰਚ 2023: ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ | ਕਰਨਾਟਕ (Karnataka) ‘ਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨਤੀਜੇ 13 ਮਈ ਨੂੰ ਆਉਣਗੇ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਵੋਟਿੰਗ ਇੱਕ ਪੜਾਅ ਵਿੱਚ ਹੋਵੇਗੀ। ਕਰਨਾਟਕ ‘ਚ 5.21 ਕਰੋੜ ਵੋਟਰ ਹਨ, ਜੋ 224 ਵਿਧਾਨ ਸਭਾ ਸੀਟਾਂ ‘ਤੇ ਵੋਟ ਪਾਉਣਗੇ। 9.17 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ।
ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਤਹਿਤ 1 ਅਪ੍ਰੈਲ ਨੂੰ 18 ਸਾਲ ਦੇ ਹੋ ਜਾਣ ਵਾਲੇ ਲੋਕ ਵੀ ਵੋਟ ਪਾ ਸਕਣਗੇ। ਇਸ ਦੇ ਲਈ ਅਸੀਂ ਅਗਾਊਂ ਅਰਜ਼ੀਆਂ ਮੰਗੀਆਂ ਸਨ। ਸੂਬੇ ਦੀ ਮੌਜੂਦਾ ਭਾਜਪਾ ਸਰਕਾਰ ਦਾ ਕਾਰਜਕਾਲ 24 ਮਈ ਨੂੰ ਖਤਮ ਹੋ ਰਿਹਾ ਹੈ। ਇਸ ਵਾਰ ਵੀ ਮੁੱਖ ਮੁਕਾਬਲਾ ਭਾਜਪਾ, ਕਾਂਗਰਸ ਅਤੇ ਜੇਡੀਐਸ ਵਿਚਾਲੇ ਹੋਵੇਗਾ। ਪਿਛਲੀ ਵਾਰ ਜੇਡੀਐਸ-ਕਾਂਗਰਸ ਇਕੱਠੇ ਸਨ ਪਰ ਇਸ ਵਾਰ ਜੇਡੀਐਸ ਵੱਖਰੇ ਤੌਰ ’ਤੇ ਚੋਣ ਲੜੇਗੀ।
ਇਸ ਤੋਂ ਇਲਾਵਾ ਪੰਜਾਬ ਅਤੇ ਯੂਪੀ ਸਮੇਤ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ 10 ਮਈ ਨੂੰ ਲੋਕ ਸਭਾ ਜ਼ਿਮਨੀ ਚੋਣਾਂ ਵੀ ਹੋਣਗੀਆਂ। ਨਤੀਜੇ 13 ਮਈ ਨੂੰ ਆਉਣਗੇ। ਪੰਜਾਬ ਦੀ ਜਲੰਧਰ, ਉੜੀਸਾ ਦੀ ਝਾਰਸੁਗੁਡਾ, ਉੱਤਰ ਪ੍ਰਦੇਸ਼ ਦੀ ਛਾਨਬੇ ਅਤੇ ਸਵਾਰ, ਮੇਘਾਲਿਆ ਦੀ ਸੋਹੀਓਂਗ ਸੀਟਾਂ ‘ਤੇ ਉਪ ਚੋਣਾਂ ਹੋਣਗੀਆਂ। ਹਾਲਾਂਕਿ, ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਲਈ ਉਪ ਚੋਣ ਦਾ ਐਲਾਨ ਨਹੀਂ ਕੀਤਾ।