ਅਸਾਮ, 17 ਨਵੰਬਰ 2025: Assam News: ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਅਸਾਮ ‘ਚ ਵੋਟਰ ਸੂਚੀ ਦੀ “ਵਿਸ਼ੇਸ਼ ਸੋਧ” ਦਾ ਆਦੇਸ਼ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅੰਤਿਮ ਵੋਟਰ ਸੂਚੀ 10 ਫਰਵਰੀ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਅਸਾਮ ਦੇ ਮੁੱਖ ਚੋਣ ਅਧਿਕਾਰੀ ਨੂੰ ਨਿਰਦੇਸ਼ ਜਾਰੀ ਕੀਤੇ ਹਨ, ਜਿਸ ‘ਚ ਕਿਹਾ ਹੈ ਕਿ 1 ਜਨਵਰੀ, 2026, ਇਸ ਵਿਸ਼ੇਸ਼ ਸੋਧ ਦੀ ਤਾਰੀਖ਼ ਹੋਵੇਗੀ। ਅਧਿਕਾਰੀਆਂ ਦੇ ਮੁਤਾਬਕ ਇਹ ਪ੍ਰਕਿਰਿਆ ਸਾਲਾਨਾ ਵਿਸ਼ੇਸ਼ ਸੰਖੇਪ ਸੋਧ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (SIR) ਦੇ ਵਿਚਕਾਰ ਇੱਕ ਕਰਾਸ ਹੈ।
ਸ਼ਡਿਊਲ ਦੇ ਮੁਤਾਬਕ ਘਰ-ਘਰ ਜਾ ਕੇ ਤਸਦੀਕ 22 ਨਵੰਬਰ ਤੋਂ 20 ਦਸੰਬਰ ਤੱਕ ਹੋਵੇਗੀ। ਸੰਯੁਕਤ ਡਰਾਫਟ ਵੋਟਰ ਸੂਚੀ 27 ਦਸੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਅੰਤਿਮ ਸੂਚੀ ਅਗਲੇ ਸਾਲ 10 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ।
ਇਸ ਦੌਰਾਨ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੂਬੇ ‘ਚ ਵੋਟਰ ਸੂਚੀ ਦੀ “ਵਿਸ਼ੇਸ਼ ਸੋਧ” ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਸਾਮ ਸਰਕਾਰ ਪੂਰਾ ਸਹਿਯੋਗ ਕਰੇਗੀ। ਮੁੱਖ ਮੰਤਰੀ ਨੇ ਐਕਸ ‘ਤੇ ਲਿਖਿਆ, “ਅਸਾਮ ਸਰਕਾਰ ਚੋਣ ਕਮਿਸ਼ਨ ਦੇ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਕਰਨ ਦੇ ਫੈਸਲੇ ਦਾ ਸਵਾਗਤ ਕਰਦੀ ਹੈ, ਜਿਸ ‘ਚ 1 ਜਨਵਰੀ, 2026 ਨੂੰ ਆਧਾਰ ਮਿਤੀ ਵਜੋਂ ਲਿਆ ਗਿਆ ਹੈ।”
ਉਨ੍ਹਾਂ ਕਿਹਾ, “ਇਹ ਸਾਰੇ ਯੋਗ ਨਾਗਰਿਕਾਂ ਲਈ ਇੱਕ ਸਪਸ਼ਟ, ਅੱਪਡੇਟ ਅਤੇ ਸਹੀ ਵੋਟਰ ਸੂਚੀ ਤਿਆਰ ਕਰਨ ‘ਚ ਮੱਦਦ ਕਰੇਗਾ। ਅਸਾਮ ਸਰਕਾਰ ਚੋਣ ਕਮਿਸ਼ਨ ਨੂੰ ਪੂਰਾ ਸਹਿਯੋਗ ਦੇਵੇਗੀ ਤਾਂ ਜੋ ਇਹ ਸੋਧ ਪਾਰਦਰਸ਼ੀ ਅਤੇ ਸਮੇਂ ਸਿਰ ਪੂਰੀ ਹੋ ਸਕੇ।” ਅਸਾਮ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
Read More: ਭਾਰਤੀ ਚੋਣ ਕਮਿਸ਼ਨ ਵੱਲੋਂ SIR ਦੇ ਦੂਜੇ ਪੜਾਅ ਦਾ ਐਲਾਨ, 12 ਸੂਬਿਆਂ ਨੂੰ ਕਰੇਗਾ ਕਵਰ




