ਚੰਡੀਗੜ੍ਹ 08 ਮਾਰਚ 2022: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਅਸਾਮ ਮੰਤਰੀ ਮੰਡਲ ਨੇ ਸੋਮਵਾਰ ਨੂੰ ਗੁਹਾਟੀ ਨਗਰ ਨਿਗਮ ਚੋਣਾਂ ‘ਚ ਬੈਲਟ ਪੇਪਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਨਾਲ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਸੀਐਮ ਸਰਮਾ ਨੇ ਵੀ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਚੋਣਾਂ ‘ਚ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਲਈ ਕਾਗਜ਼ੀ ਬੈਲਟ ਪੇਪਰਾਂ ਨੂੰ ਈਵੀਐਮ ਨਾਲ ਬਦਲਣ ਲਈ ਗੁਹਾਟੀ ਮਿਉਂਸਪਲ ਕਾਰਪੋਰੇਸ਼ਨ (ਸੋਧ) ਬਿੱਲ, 2022 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਅਸਾਮ ਕੈਬਨਿਟ ‘ਚ ਅਸੀਂ ਅਪ੍ਰਚਲਿਤ ਨੂੰ ਰੱਦ ਕਰਨ ਨਾਲ ਸਬੰਧਤ ਕਈ ਅਹਿਮ ਫੈਸਲੇ ਲਏ। ਇਨ੍ਹਾਂ ‘ਚ ਕਾਨੂੰਨ, ਜ਼ਮੀਨੀ ਪ੍ਰੀਮੀਅਮ ਦੀਆਂ ਦਰਾਂ ‘ਚ ਸੋਧ, ਕਾਰੋਬਾਰ ਕਰਨ ‘ਚ ਅਸਾਨੀ, ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸ਼ਕਤੀ ਪ੍ਰਦਾਨ ਕਰਨਾ, ਨਾਬਾਰਡ ਤੋਂ ਕਰਜ਼ਾ ਇਕੱਠਾ ਕਰਨਾ, ਜੀਐਮਸੀ ਚੋਣਾਂ ‘ਚ ਪਾਰਦਰਸ਼ਤਾ ਸ਼ਾਮਲ ਹੈ।