ਚੰਡੀਗੜ੍ਹ, 10 ਜਨਵਰੀ 2024: ਏਸ਼ੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ (football tournament) ਏਐਫਸੀ (AFC) ਏਸ਼ੀਅਨ ਕੱਪ ਦੋ ਦਿਨਾਂ ਬਾਅਦ ਕਤਰ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤ ਦਾ ਪਹਿਲਾ ਮੁਕਾਬਲਾ 2015 ਦੀ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ। ਪਹਿਲੀ ਵਾਰ ਭਾਰਤੀ ਟੀਮ ਨੇ ਲਗਾਤਾਰ ਦੋ ਸੈਸ਼ਨਾਂ ਲਈ ਕੁਆਲੀਫਾਈ ਕੀਤਾ ਹੈ। 2019 ‘ਚ ਕਤਰ ਇਸਦਾ ਚੈਂਪੀਅਨ ਬਣਿਆ ਸੀ |
ਬਲੂ ਟਾਈਗਰਜ਼ ਦੇ ਨਾਂ ਨਾਲ ਮਸ਼ਹੂਰ ਭਾਰਤੀ ਟੀਮ ਨੂੰ ਆਸਟ੍ਰੇਲੀਆ, ਉਜ਼ਬੇਕਿਸਤਾਨ ਅਤੇ ਸੀਰੀਆ ਦੇ ਨਾਲ ਗਰੁੱਪ ਬੀ ‘ਚ ਰੱਖਿਆ ਗਿਆ ਹੈ। ਭਾਰਤ 5ਵੀਂ ਵਾਰ ਏਸ਼ਿਆਈ ਕੱਪ ਖੇਡ ਰਿਹਾ ਹੈ। ਟੀਮ ਨੂੰ ਏਸ਼ੀਆ ਦੀਆਂ ਟਾਪ-24 ਟੀਮਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਭਾਰਤੀ ਟੀਮ 68 ਸਾਲਾਂ ਤੋਂ ਇਸ ਟੂਰਨਾਮੈਂਟ ਵਿੱਚ ਖੇਡ ਰਹੀ ਹੈ ਪਰ ਅੱਜ ਤੱਕ ਚੈਂਪੀਅਨ ਨਹੀਂ ਬਣ ਸਕੀ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ 1964 ਵਿੱਚ ਆਇਆ ਸੀ। ਉਦੋਂ ਟੀਮ ਦੂਜੇ ਸਥਾਨ ‘ਤੇ ਸੀ। ਉਸ ਵੇਲੇ ਇਜ਼ਰਾਈਲ ਚੈਂਪੀਅਨ ਬਣਿਆ।
ਜਿਵੇਂ ਯੂਰੋ ਕੱਪ ਯੂਰਪ ਦਾ ਚੋਟੀ ਦਾ ਅੰਤਰਰਾਸ਼ਟਰੀ ਟੂਰਨਾਮੈਂਟ (football tournament) ਅਤੇ ਲਾਤੀਨੀ ਅਮਰੀਕਾ ਦਾ ਕੋਪਾ ਅਮਰੀਕਾ ਹੈ, ਉਸੇ ਤਰ੍ਹਾਂ ਏਸ਼ੀਅਨ ਕੱਪ ਫੁੱਟਬਾਲ ਏਸ਼ੀਆ ਮਹਾਂਦੀਪ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਹੈ।ਇਸ ਟੂਰਨਾਮੈਂਟ ਵਿੱਚ ਏਸ਼ੀਆ ਭਰ ਦੀਆਂ ਚੋਟੀ ਦੀਆਂ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ ਹਰ 4 ਸਾਲਾਂ ਬਾਅਦ ਕਰਵਾਇਆ ਜਾਂਦਾ ਹੈ ਅਤੇ 1956 (68 ਸਾਲਾਂ ਤੋਂ) ਤੋਂ ਖੇਡਿਆ ਜਾਂਦਾ ਹੈ। ਇਹ ਟੂਰਨਾਮੈਂਟ ਦਾ 18ਵਾਂ ਐਡੀਸ਼ਨ ਹੈ।
ਆਸਟ੍ਰੇਲੀਆ 2015 ਦਾ ਚੈਂਪੀਅਨ ਹੈ ਅਤੇ ਆਸਟ੍ਰੇਲੀਆ ਨੇ 2006 ਵਿੱਚ ਏਸ਼ੀਅਨ ਫੁਟਬਾਲ ਫੈਡਰੇਸ਼ਨ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ ਅਤੇ 2007 ਤੋਂ ਹਰ ਐਡੀਸ਼ਨ ਵਿੱਚ ਹਿੱਸਾ ਲਿਆ ਹੈ। ਟੀਮ 2022 ਫੀਫਾ ਵਿਸ਼ਵ ਕੱਪ ਵਿੱਚ ਰਾਊਂਡ-16 ਵਿੱਚ ਪਹੁੰਚੀ ਸੀ। ਪਿਛਲੇ ਮੈਚ ਵਿੱਚ ਵੀ ਆਸਟਰੇਲੀਆ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ ਸੀ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 8 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਆਸਟ੍ਰੇਲੀਆ ਨੇ 5 ਅਤੇ ਭਾਰਤ ਨੇ 2 ਜਿੱਤੇ ਹਨ। ਇੱਕ ਮੈਚ ਡਰਾਅ ਵੀ ਰਿਹਾ। ਭਾਰਤ ਨੇ ਪਿਛਲੀ ਵਾਰ 1956 ਵਿੱਚ ਆਸਟਰੇਲੀਆ ਨੂੰ 7-1 ਨਾਲ ਹਰਾਇਆ ਸੀ, ਜਦੋਂ ਭਾਰਤ ਏਸ਼ੀਆ ਵਿੱਚ ਚੋਟੀ ਦੀ ਟੀਮ ਸੀ। ਦੋਵੇਂ ਟੀਮਾਂ ਆਖਰੀ ਵਾਰ 2011 ਦੇ ਏਸ਼ਿਆਈ ਕੱਪ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਭਾਰਤ ਨੂੰ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।